14 ਤੋਂ 18 ਅਕਤੂਬਰ ਤੱਕ ਮਨਾਇਆ ਜਾਵੇਗਾ ਦਾਨ ਉਤਸਵ-ਸਹਾਇਕ ਕਮਿਸ਼ਨਰ

  • ਵੱਖ ਵੱਖ ਸੰਸਥਾਵਾਂ ਅਤੇ ਗੈਰ ਸਰਕਾਰੀ ਸੰਗਠਨਾਂ ਨਾਲ ਦਾਨ ਉਤਸਵ ਸਬੰਧੀ ਕੀਤੀ ਸਮੀਖਿਆ ਮੀਟਿੰਗ
  • ਸ਼ਹਿਰ ਵਾਸੀ ਲੋੜਵੰਦਾਂ ਨੂੰ ਦਾਨ ਦੇਣ ਲਈ ਮੋਬਾਇਲ ਨੰ: 7877778803 ਤੇ ਮਿਸ ਕਾਲ ਕਰਕੇ ਨਜਦੀਕ ਕੁਲੈਕਸ਼ਨ ਸੈਂਟਰਾਂ ਦੀ ਸੂਚੀ ਕਰ ਸਕਦੇ ਨੇ ਪ੍ਰਾਪਤ 

ਅੰਮ੍ਰਿਤਸਰ, 11 ਅਕਤੂਬਰ 2024 : ਜ਼ਿਲ੍ਹਾ ਪ੍ਰਸ਼ਾਸਨ, ਅੰਮ੍ਰਿਤਸਰ ਵੱਲੋਂ 14 ਤੋਂ 18 ਅਕਤੂਬਰ ਤੱਕ ਇਕ ਹਫਤਾ ਚੱਲਣ ਵਾਲਾ ਸਿਟੀ ਨੀਡਜ ਦਾਨ ਉਤਸਵ ਕਮਿਊਨਟੀ ਸੈਂਟਰ ਈ ਬਲਾਕ ਰਣਜੀਤ ਐਵੀਨਿਊ ਅੰਮ੍ਰਿਤਸਰ ਸਵੇਰੇ 11 ਵਜੇ ਤੋਂ ਬਾ:ਦੁ: 3 ਵਜੇ ਤੱਕ ਮਨਾਇਆ ਜਾਵੇਗਾ। ਇਸ ਸਬੰਧੀ ਅੱਜ ਸਹਾਇਕ ਕਮਿਸ਼ਨਰ ਜਨਰਲ ਮੈਡਮ ਗੁਰਸਿਮਰਨਜੀਤ  ਕੌਰ ਨੇ ਜਿਲੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ, ਵੱਖ ਵੱਖ ਸੰਸਥਾਵਾਂ ਅਤੇ ਗੈਰ ਸਰਕਾਰੀ ਸੰਗਠਨਾਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਦਾਨ ਉਤਸਵ ਮਨਾਉਣ ਦਾ ਮੁੱਖ ਉਦੇਸ਼ ਲੋੜਵੰਦਾਂ ਦੀ ਸਹਾਇਤਾ ਕਰਨਾ ਹੈ ਅਤੇ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਲੋੜਵੰਦਾਂ ਨੂੰ ਵੰਡਣ ਲਈ ਵਰਤੇ ਹੋਏ ਕੱਪੜੇ, ਜੁੱਤੀਆਂ, ਖਿਡੌਣੇ, ਕਿਤਾਬਾਂ, ਇਲੈਕਟ੍ਰੋਨਿਕਸ ਅਤੇ ਹੋਰ ਮੁੜ ਵਰਤੋਂ ਯੋਗ ਵਸਤੂਆਂ ਇਕੱਠੀਆਂ ਕਰਕੇ ਦੇਣਾ ਹੈ। ਸਹਾਇਕ ਕਮਿਸ਼ਨਰ ਜਨਰਲ  ਨੇ ਸਾਰੇ ਭਾਗ ਲੈਣ ਵਾਲੀਆਂ ਸੰਸਥਾਵਾਂ ਅਤੇ ਗੈਰ ਸਰਕਾਰੀ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਭਾਈਚਾਰਿਆਂ ਵਿੱਚ ਇਸ ਸਮਾਗਮ ਨੂੰ ਉਤਸ਼ਾਹਿਤ ਕਰਨ, ਵਿਆਪਕ ਜਾਗਰੂਕਤਾ ਅਤੇ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਕਰਨ ਉਨ੍ਹਾਂ ਕਿਹਾ ਕਿ  ਭਾਰਤ ਸਰਕਾਰ ਦੁਆਰਾ ਮਿਸ਼ਨ ਮੇਰੀ ਲਾਈਫ ਪ੍ਰੋਗਰਾਮ ਦੇ ਅਨੁਰੂਪ ਅਜਿਹੀਆਂ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਹਮੇਸ਼ਾਂ ਤੱਤਪਰ ਹੈ। ਉਨ੍ਹਾਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੈਰ ਸਰਕਾਰੀ ਸੰਸਥਾਵਾਂ ਨੂੰ ਵੱਧ ਚੜ੍ਹ ਕੇ ਇਸ ਸਮਾਗਮ ਵਿੱਚ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀ ਲੋੜਵੰਦਾਂ ਨੂੰ ਦਾਨ ਦੇਣ ਲਈ ਮੋਬਾਇਲ ਨੰ: 7877778803 'ਤੇ ਮਿਸ ਕਾਲ ਦੇ ਕੇ ਆਪਣੇ ਨਜ਼ਦੀਕੀ ਕਲੈਕਸ਼ਨ ਸੈਂਟਰ ਦੀ ਸੂਚੀ ਪ੍ਰਾਪਤ ਕਰ ਸਕਦੇ ਹਨ।  ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ http://www.cityneeds.info 'ਤੇ ਜਾ ਕੇ ਸਿਟੀਨੀਡਜ਼ ਦਾਨ ਉਤਸਵ 'ਤੇ ਕਲਿੱਕ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਮੀਟਿੰਗ ਵਿੱਚ ਜਿਲ੍ਹਾ ਭਲਾਈ ਅਫ਼ਸਰ ਸ੍ਰੀ ਪੱਲਵ ਸ਼੍ਰੇਸ਼ਠ, ਸਕੱਤਰ ਰੈਡ ਕਰਾਸ ਸੈਮਸਨ ਮਸੀਹ, ਜਿਲ੍ਹਾ ਸਿਖਿਆ ਅਫਸਰ ਸ੍ਰ ਹਰਭਗਵੰਤ ਸਿੰਘ, ਜਿਲ੍ਹਾ ਸਮਾਜ ਭਲਾਈ ਅਫਸਰ ਮੈਡਮ ਮੀਨਾ ਦੇਵੀ, ਮਿਸ਼ਨ ਅਗਾਜ ਤੋਂ ਸ੍ਰੀ ਦੀਪਕ ਬੱਬਰ, ਮੈਡਮ ਸਵਰਾਜ ਗਰੋਵਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐਨਜੀਓਜ਼ ਦੇ ਮੈਂਬਰ ਹਾਜ਼ਰ ਸਨ।