ਗੁਰਦਾਸਪੁਰ, 6 ਸਤੰਬਰ : ਸ੍ਰੀ ਸੁਮਿਤ ਭੱਲਾ, ਸਿਵਿਲ ਜੱਜ (ਸੀਨੀਅਰ ਡਵੀਜ਼ਨ)-ਕਮ- ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋਂ ਅਧਿਆਪਕ ਦਿਵਸ ਮੌਕੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਫਾਰ ਵੂਮੈਨ, ਤੁਗਲਵਾਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਜਾਗਰੁਕਤਾ ਸੈਮੀਨਾਰ ਦੌਰਾਨ ਸ੍ਰੀ ਸੁਮਿੱਤ ਭੱਲਾ, ਦੁਆਰਾ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਦੀਆਂ ਵਿਦਿਆਰਥਣਾਂ ਨੂੰ ਪੰਜਾਬ ਵਿਕਟਿਮ ਕੰਪਨਸੇਸ਼ਨ ਸਕੀਮ-2017, ਨਾਲਸਾ ਕੰਪਨਸੇਸ਼ਨ ਸਕੀਮ ਫਾਰ ਵੋਮੈਨ-2018 ਅਤੇ ਨਾਲਸਾ ਲੀਗਲ ਸਰਵਿਸ ਆਫ ਐਸਿਡ ਅਟੈਕ ਸਕੀਮ, 2016 ਆਦਿ ਅਤੇ ਨਾਲਸਾ ਦੀਆਂ ਵੱਖ ਵੱਖ ਸਕੀਮਾਂ ਬਾਰੇ ਜਾਗਰੁਕ ਕੀਤਾ ਗਿਆ। ਸ੍ਰੀ ਸੁਮਿੱਤ ਭੱਲਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੁਆਰਾ ਇਸ ਸੈਮੀਨਾਰ ਦੌਰਾਨ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਬਾਰੇ ਵੀ ਜਾਗਰੂਕ ਕੀਤਾ ਅਤੇ ਇਹ ਵੀ ਕਿਹਾ ਕਿ ਉਹ ਆਪਣੇ ਆਸ-ਪਾਸ ਦੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣੂ ਕਰਵਾਉਣ ਤਾਂ ਜੋ ਵੱਧ ਤੋਂ ਵੱਧ ਲੋਕ ਮੁਫ਼ਤ ਕਾਨੂੰਨੀ ਸਹਾਇਤਾ ਲੈ ਸਕਣ। ਇਸ ਸੈਮੀਨਾਰ ਦੌਰਾਨ ਬਾਬਾ ਆਇਆ ਸਿੰਘ ਰਿਆੜਕੀ ਕਾਲਜ, ਤੁਗਲਵਾਲ ਕਾਲਜ ਅਤੇ ਸਕੂਲ ਦੇ ਲਗਭਗ 725 ਵਿਦਿਆਰਥਣਾਂ ਅਤੇ ਅਧਿਆਪਕਾਂ ਦੁਆਰਾ ਹਿੱਸਾ ਲਿਆ ਗਿਆ।