- ਲੋਕਾਂ ਵੱਲੋਂ ਬਣਾਏ ਆਰਜ਼ੀ ਬੰਨ੍ਹ ਟੁੱਟਣ ‘ਤੇ ਡਿਪਟੀ ਕਮਿਸ਼ਨਰ ਨੇ ਮੁੰਡਾ ਪਿੰਡ ਇਲਾਕੇ ਦਾ ਕੀਤਾ ਦੌਰਾ
- ਇਲਾਕਿਆਂ ਵਾਸੀਆਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਹਰ ਸੰਭਵ ਮੱਦਦ ਦਾ ਦਿੱਤਾ ਭਰੋਸਾ
ਤਰਨ ਤਾਰਨ, 18 ਜੁਲਾਈ : ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਦ੍ਰਿੜ ਸੰਕਲਪ ਹੈ ਅਤੇ ਕੁਦਰਤੀ ਆਫ਼ਤ ਦੇ ਇਸ ਮੌਕੇ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਬਲਦੀਪ ਕੌਰ ਨੇ ਅੱਜ ਮੁੰਡਾ ਪਿੰਡ ਦਾ ਦੌਰਾ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਲੋਕ ਅਫ਼ਵਾਹਾਂ ਤੋਂ ਬਚਣ ਅਤੇ ਹੜ੍ਹਾ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਵਿੱਚ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਨਾਲ (01852-224107) ਤੁਰੰਤ ਸੰਪਰਕ ਕਰਨ।ਇਸ ਮੌਕੇ ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਦੀਪਕ ਭਾਟੀਆ, ਐਕਸੀਅਨ ਡਰੇਨੇਜ਼ ਸ੍ਰੀ ਵਿਸ਼ਾਲ ਮਹਿਤਾ ਤੇ ਐੱਸ. ਡੀ. ਓ. ਸਿੰਚਾਈ ਵਿਭਾਗ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੰਡਾ ਪਿੰਡ ਵਿੱਚ ਕੋਈ ਬੰਨ੍ਹ ਨਹੀਂ ਟੁੱਟਿਆ ਅਤੇ ਇੱਥੇ ਕੋਈ ਪੱਕਾ ਬੰਨ੍ਹ ਨਹੀਂ ਸੀ।ਉਹਨਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਦਰਿਆ ਦੇ ਪਾਣੀ ਦੇ ਵਹਾਅ ਨੂੰ ਰੋਕਣ ਲਈ ਆਰਜ਼ੀ ਤੌਰ ‘ਤੇ ਰੋਕ ਲਗਾਈ ਗਈ ਸੀ, ਜਿਸ ਵਿੱਚ ਪਾੜ ਪਿਆ ਸੀ, ਜਿਸ ਦਾ ਪਤਾ ਲੱਗਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਲੋੜੀਂਦੀ ਮੱਦਦ ਮੁਹੱਈਆ ਕਰਵਾਈ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੈਂ ਆਪ ਪਿੰਡ ਵਿੱਚ ਜਾ ਕੇ ਦੇਖਿਆ ਹੈ ਅਤੇ ਕਿਸੇ ਵੀ ਘਰ ਵਿੱਚ ਪਾਣੀ ਨਹੀਂ ਭਰਿਆ ਹੈ ਅਤੇ ਬੰਨ੍ਹ ਟੁੱਟਣ ਦੀਆਂ ਨਿਰਆਧਾਰ ਖਬਰਾਂ ਫੈਲਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੁਸ਼ਕਿਲ ਦੀ ਘੜੀ ਵਿੱਚ ਲੋਕਾਂ ਦੇ ਨਾਲ ਹੈ। ਉਹਨਾਂ ਦੱਸਿਆ ਕਿ ਐਕਸੀਅਨ ਡਰੇਨੇਜ਼ ਸ੍ਰੀ ਵਿਸ਼ਾਲ ਮਹਿਤਾ ਤੇ ਐੱਸ. ਡੀ. ਓ. ਸਿੰਚਾਈ ਵਿਭਾਗ ਵੱਲੋਂ ਇਸ ਦਾ ਮਆਇਨਾ ਕੀਤਾ ਗਿਆ, ਕਿ ਪਾੜ ਪੈਣ ਨਾਲ ਲੱਗਭੱਗ 1500 ਏਕੜ ਵਿੱਚ ਪਾਣੀ ਫੈਲ ਗਿਆ ਹੈ। ਉਹਨਾਂ ਕਿਹਾ ਕਿ ਡਰੇਨੇਜ਼ ਵਿਭਾਗ ਵੱਲੋਂ ਇੱਥੇ ਬੰਨ੍ਹ ਬਣਾਉਣ ਲਈ ਇਸ ਸਾਲ ਸਰਕਾਰ ਨੂੰ ਵੀ ਪ੍ਰਪੋਜ਼ਲ ਭੇਜਿਆ ਗਿਆ ਹੈ ਤਾਂ ਜੋ ਇਸ ਦਾ ਸਥਾਈ ਹੱਲ ਹੋ ਸਕੇ।ਉਹਨਾਂ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਨੂੰ ਹਰ ਤਰ੍ਹਾਂ ਦੀ ਮੱਦਦ ਮੁਹੱਈਆ ਕਰਵਾਈ ਜਾ ਰਹੀ ਹੈ।
--------