ਅੰਮ੍ਰਿਤਸਰ 6 ਜੁਲਾਈ : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਅਮਿਤ ਤਲਵਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫਸਰ ਸ. ਜਤਿੰਦਰ ਸਿੰਘ ਗਿੱਲ ਵੱਲੋਂ ਬਲਾਕ ਖੇਤੀਬਾੜੀ ਅਫਸਰ ਰਈਆ, ਤਰਸਿੱਕਾ, ਜੰਡਿਆਲਾ ਗੁਰੂ, ਵੇਰਕਾ, ਮਜੀਠਾ ਅਤੇ ਅਟਾਰੀ ਨਾਲ ਪਰਾਲੀ ਪ੍ਰਬੰਧਨ ਸਬੰਧੀ ਮੀਟਿੰਗ ਕੀਤੀ ਗਈ। ਉਨਾਂ ਕਿਹਾ ਕਿ ਜਿਲ੍ਹੇ ਅੰਦਰ 71 ਅਜਿਹੇ ਪਿੰਡਾਂ ਦੀ ਸ਼ਨਾਖਤ ਕੀਤੀ ਹੈ ਜਿੰਨਾਂ ਵਿੱਚ ਝੋਨੇ ਦੀ ਅਗੇਤੀ ਕਟਾਈ ਹੋਣ ਉਪਰੰਤ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਅਤੇ ਹੁਣ ਇੰਨਾਂ ਪਿੰਡਾ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਵਾਤਾਵਰਣ ਬਚਾੳ ਕਮੇਟੀ ਬਣਾਉਣ ਦੇ ਨਿਰਦੇਸ਼ ਪ੍ਰਾਪਤ ਹੋਏ ਹਨ। ਇਸ ਕਮੇਟੀ ਵਿੱਚ ਪਿੰਡ ਦਾ ਸਰਪੰਚ, ਨੰਬਰਦਾਰ ਅਤੇ ਦੋ ਅਗਾਂਹਵਧੂ ਕਿਸਾਨ ਮੈਂਬਰ ਹੋਣਗੇ ਜੋ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨਗੇ। ਮੁੱਖ ਖੇਤੀਬਾੜੀ ਅਫ਼ਸਰ ਸ: ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪਰਾਲੀ ਦੀ ਸੰਭਾਲ ਲਈ ਕਿਸਾਨਾ ਨੂੰ ਸਮੇਂ ਸਿਰ ਬੇਲਰ ਮਸ਼ੀਨਾਂ ਵੀ ਮੁਹੱਈਆ ਕਰਵਾਈਆ ਜਾਣਗੀਆਂ ਤਾਂ ਕਿ ਜਿੰਨਾਂ ਕਿਸਾਨਾਂ ਨੇ ਝੋਨੇ ਦੀ ਕਟਾਈ ਕਰਕੇ ਸਬਜੀਆਾਂ ਦੀ ਕਾਸ਼ਤ ਕਰਨੀ ਹੈ ਉਹਨਾਂ ਨੂੰ ਪਰਾਲੀ ਸਾਂਭਣ ਵਿੱਚ ਕੋਈ ਮੁਸ਼ਕਿਲ ਨਾ ਆਵੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਬਸਿਡੀ ਤੇ ਵੰਡੀ ਗਈ ਖੇਤੀ ਮਸ਼ੀਨਰੀ ਨੂੰ ਪਰਾਲੀ ਸੰਭਾਲ ਲਈ ਵਰਤੋਂ ਵਿੱਚ ਲਿਆਉਣ ਲਈ ਸਾਰੇ ਕਸਟਮ ਹਾਇਰਿੰਗ ਸੈਂਟਰਾਂ, ਗ੍ਰਾਮ ਪੰਚਾਇਤਾਂ, ਸਹਿਕਾਰੀ ਸਭਾਵਾਂ ਨੂੰ ਵੀ ਹੁਣ ਤੋਂ ਹੀ ਲਾਮਬੰਦ ਕੀਤਾ ਜਾ ਰਿਹਾ ਹੈ ਤਾਂ ਜੋ ਪਰਾਲੀ ਨੂੰ ਖੇਤਾਂ ਵਿੱਚ ਵਾਹ ਕੇ ਕਣਕ ਦੀ ਬਿਜਾਈ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਜੀਰੋ ਸਟੱਬਲ ਬਰਨਿੰਗ ਟੀਚੇ ਨੂੰ ਪੂਰਾ ਕਰਨ ਲਈ ਸਮੂਹ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਝੋਨੇ ਦੀ ਕਟਾਈ ਉਪਰੰਤ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਇਸ ਦੀਆਂ ਗੱਠਾਂ ਬਣਾਕੇ ਜਾਂ ਖੇਤ ਵਿੱਚ ਹੀ ਵਾਹ ਕੇ ਅਗਲੀ ਫਸਲ ਦੀ ਬਿਜਾਈ ਕਰਨ। ਸ: ਗਿੱਲ ਨੇ ਦੱਸਿਆ ਕਿ ਖੇਤੀਬਾੜੀ, ਪੇਂਡੂ ਵਿਕਾਸ ਤੇ ਪੰਚਾਇਤਾਂ, ਬਾਗਬਾਨੀ, ਭੂਮੀ ਰੱਖਿਆ, ਬਿਜਲੀ, ਸਹਿਕਾਰੀ ਸਭਾਵਾਂ, ਨਹਿਰੀ ਆਦਿ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਡਿਊਟੀਆਂ ਬਤੌਰ ਕਲਸਟਰ ਅਫਸਰ ਅਤੇ ਪਿੰਡ ਪੱਧਰੀ ਨੋਡਲ ਅਫਸਰ ਵਜੋਂ ਲਗਾਈਆਂ ਜਾ ਰਹੀਆਂ ਹਨ ਜੋ ਕਿਸਾਨਾਂ ਨੂੰ ਅੱਗ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕਰਨਗੇ ਅਤੇ ਅੱਗ ਲੱਗਣ ਦੀਆਂ ਘਟਾਨਾਵਾ ਨੂੰ ਰੋਕਣ ਲਈ ਕੰਮ ਕਰਨਗੇ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਫਸਲੀ ਰਹਿੰਦ-ਖੂੰਹਦ ਸਾੜਨ ਨਾਲ ਵੱਡੀ ਮਾਤਰਾ ਵਿੱਚ ਜ਼ਰੂਰੀ ਖ਼ੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ। ਜਮੀਨ ਵਿਚਲੇ ਮਿੱਤਰ ਕੀੜੇ ਅਤੇ ਹੋਰ ਲਾਭਦਾਇਕ ਸੂਖਮ ਜੀਵ ਸੜ ਜਾਂਦੇ ਹਨ। ਜੇਕਰ ਫਸਲੀ ਰਹਿੰਦ-ਖੂਹੰਦ ਨੂੰ ਖੇਤ ਵਿੱਚ ਹੀ ਦਬਾ ਦਿੱਤਾ ਜਾਵੇ ਤਾਂ ਇਸ ਨਾਲ ਧਰਤੀ ਵਿੱਚ ਪਾਣੀ ਜਜਬ ਕਰਨ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ, ਖਾਦਾਂ ਦੀ ਘੱਟ ਵਰਤੋਂ ਹੁੰਦੀ ਹੈ ਅਤੇ ਫਸਲਾਂ ਦਾ ਝਾੜ ਵੀ ਵਧਦਾ ਹੈ। ਇਸ ਮੌਕੇ ਖੇਤੀਬਾੜੀ ਅਫਸਰ ਤਜਿੰਦਰ ਸਿੰਘ, ਰਮਨ ਕੁਮਾਰ, ਭੁਪਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ ਰਿਆੜ, ਖੇਤੀਬਾੜੀ ਵਿਕਾਸ ਅਫਸਰ ਪਰਜੀਤ ਸਿੰਘ ਔਲਖ, ਅਤੇ ਹਰਮੀਤ ਸਿੰਘ ਮੌਜੂਦ ਸਨ।