ਪ੍ਰਸਾਸ਼ਨ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਕਰੇਗਾ ਹੱਲ-ਡਿਪਟੀ ਕਮਿਸ਼ਨਰ

  • ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਆਗੂਆਂ ਨਾਲ ਹੋਈ ਮੀਟਿੰਗ

ਅੰਮ੍ਰਿਤਸਰ, 6 ਫਰਵਰੀ 2025 : ਜਿਲ੍ਹਾ ਪ੍ਰਸਾਸ਼ਨ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਵਚਨਬੱਧ ਹੈ ਅਤੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।  ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਆਪਣੀਆਂ ਵੱਖ ਵੱਖ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ।  ਡਿਪਟੀ ਕਮਿਸ਼ਨਰ ਨੇ ਯੂਨੀਅਨ ਨੂੰ ਵਿਸ਼ਵਾਸ਼ ਦਿਵਾਇਆ ਕਿ ਤੁਹਾਡੀਆਂ ਮੰਗਾਂ ਤੇ ਪ੍ਰਸਾਸ਼ਨ ਵੱਲੋਂ ਪਹਿਲਕਦਮੀ ਸ਼ੁਰੂ ਕਰ ਦਿੱਤੀ ਗਈ ਹੈ। ਉਂਨ੍ਹਾਂ ਦੱਸਿਆ ਕਿ ਤੁਹਾਡੀ ਯੂਨੀਅਨ ਵੱਲੋਂ ਜੋ ਮੰਗਾਂ ਪਿਛਲੀ ਮੀਟਿੰਗ ਦੌਰਾਨ ਉਠਾਈਆਂ ਗਈਆਂ ਸਨ ਦੇ ਵਿੱਚੋਂ ਕੁਝ ਮੰਗਾਂ ਹੱਲ ਹੋ ਚੁੱਕੀਆਂ ਹਨ ਅਤੇ ਬਾਕੀ ਰਹਿੰਦੀਆਂ ਮੰਗਾਂ ਤੇ ਵੀ ਕਾਰਵਾਈ ਚੱਲ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਆਪਣੀਆਂ ਹੋਰ ਮੰਗਾਂ ਜਿਵੇਂ ਕਿ ਮੁਰਾਦਪੁਰਾ ਨਿਕਾਸੀ ਨਾਲਾ ਤੇ ਕਬਜਾ, ਕੇਂਦਰੀ ਜੇਲ ਵਿਖੇ ਲੱਗੇ ਜੈਮਰ, ਸਹਿਰ ਵਿੱਚੋਂ ਡੇਅਰੀਆਂ ਦੀ ਸਾਫ ਸਫਾਈ ਸਬੰਧੀ ਵੀ ਗੱਲਬਾਤ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆਕਿ ਮੁਰਾਦਪੁਰਾ ਨਿਕਾਸੀ ਨਾਲਾ ਸਬੰਧੀ ਨਿਸ਼ਾਨਦੇਹੀ ਕਰਵਾਈ ਜਾ ਚੁੱਕੀ ਹੈ ਅਤੇ ਸਬੰਧਤ ਵਿਭਾਗ ਇਸ ਉਪਰ ਆਪਣੀ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਨੇ ਫਤਾਹਪੁਰ ਜੇਲ ਵਿਖੇ ਲੱਗੇ ਜੈਮਰ ਕਾਰਨ ਆ ਰਹੀਆਂ ਪ੍ਰੇਸ਼ਾਨੀਆਂ ਸਬੰਧੀ ਦੱਸਿਆ ਕਿ ਇਸ ਦੇ ਹੱਲ ਲਈ ਪਹਿਲਾਂ ਹੀ ਸਰਕਾਰ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਅਤੇ ਜਲਦੀ ਹੀ ਇਸ ਦਾ ਹੱਲ ਕਰ ਦਿੱਤਾ ਜਾਵੇਗਾ।  ਡਿਪਟੀ ਕਮਿਸ਼ਨਰ ਫਤਾਹਪੁਰ ਡੇਅਰੀ ਕੰਪਲੈਕਸ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਬੰਧੀ ਜੋ ਵੀ ਮੁਸ਼ਕਲਾਂ ਹਨ ਉਹ ਨਗਰ ਨਿਗਮ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਅਤੇ ਕਿਸਾਨ ਯੂਨੀਅਨ ਦੇ ਆਗੂ ਦਫਤਰ ਨਗਰ ਨਿਗਮ ਜਾ ਕੇ ਸਬੰਧਤ ਅਧਿਕਾਰੀ ਨਾਲ ਤਾਲਮੇਲ ਕਰਨ ਤਾਂ ਜੋ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੈ ਦੱਸਿਆ ਕਿ ਭਾਰਤ ਮਾਲਾ ਪ੍ਰਾਜੈਕਟ ਅਧੀਨ ਕਿਸਾਨਾਂ ਨੂੰ ਜਮੀਨੀ ਮੁਆਵਜਾ ਦਿੱਤਾ ਜਾ ਰਿਹਾ ਹੈ ਅਤੇ ਜਿਥੇ ਕੋਈ ਸਮੱਸਿਆ ਹੈ ਉਸ ਸਬੰਧੀ ਸਬੰਧਤ ਐਸ:ਡੀ:ਐਮ ਨਾਲ ਤਾਲਮੇਲ ਕੀਤਾ ਜਾਵੇ। ਇਸ ਮੀਟਿੰਗ ਵਿੱਚ ਐਸ:ਡੀ:ਐਮ ਸ੍ਰ ਗੁਰਸਿਮਰਨਜੀਤ ਸਿੰਘ, ਏ:ਡੀ:ਸੀ:ਵੀ ਜਗਮੋਹਨ ਸਿੰਘ ਵਾਲੀਆ, ਜਿਲ੍ਹਾ ਮਾਲ ਅਫਸਰ ਸ੍ਰ ਨਵਕੀਰਤ ਸਿੰਘ ਰੰਧਾਵਾ,  ਸੁਪਰਡੰਟ ਕੇਂਦਰੀ ਜੇਲ ਹੇਮੰਤ ਸ਼ਰਮਾ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵੇਰਕਾ ਮੈਡਮ ਲਖਵਿੰਦਰ ਕੌਰ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ, ਸ੍ਰੀ ਸੁਖਵਿੰਦਰ ਸਿੰਘ ਸੇਠੀ ਜਿਲ੍ਹਾ ਆਗੂ, ਸ੍ਰ ਜਗਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ ਬਚਿੱਤਰ ਸਿੰਘ, ਪ੍ਰੈਸ ਸਕੱਤਰ ਬਲਰਾਮ ਸਿੰਘ ਝੰਜੋਟੀ, ਸ੍ਰ ਬਲਜਿੰਦਰ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।