- ਆਪਣੇ ਦ੍ਰਿੜ ਹੌਂਸਲੇ ਸਦਕਾ ਪੰਜਾਬੀਆਂ ਨੇ ਦਰਿਆਵਾਂ ਨੂੰ ਬੰਨ ਮਾਰਨ ਦੀ ਅਦੁੱਤੀ ਮਿਸਾਲ ਪੇਸ਼ ਕੀਤੀ
- ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਲਾਜ਼ਮਾਂ ਅਤੇ ਸੰਗਤਾਂ ਦਾ ਧੰਨਵਾਦ
ਗੁਰਦਾਸਪੁਰ, 20 ਅਗਸਤ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਬੀਤੀ ਰਾਤ 2:00 ਵਜੇ ਪਿੰਡ ਜਗਤਪੁਰ ਟਾਂਡਾ ਦੇ ਨਜ਼ਦੀਕ ਧੁੱਸੀ ਬੰਨ ਵਿਖੇ ਪਹੁੰਚ ਕੇ ਬੰਨ ਦੇ ਪਾੜ ਨੂੰ ਭਰਨ ਵਿੱਚ ਲੱਗੀ ਸੰਗਤ, ਕਾਰ ਸੇਵਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਹੌਂਸਲਾ ਅਫ਼ਜਾਈ ਕੀਤੀ। ਇਹ ਸੰਗਤ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਲਾਜ਼ਮਾਂ ਦਾ ਦ੍ਰਿੜ ਹੌਂਸਲਾ ਤੇ ਹਿੰਮਤ ਹੀ ਸੀ ਜੋ ਰਾਤ ਭਰ ਵੀ ਪਾੜ ਨੂੰ ਭਰਨ ਦਾ ਕੰਮ ਜਾਰੀ ਸੀ। ਇਸ ਮੌਕੇ ਬੰਨ ਦੇ ਪਾੜ ਨੂੰ ਭਰਨ ਵਿੱਚ ਲੱਗੇ ਸੇਵਾਦਾਰਾਂ ਅਤੇ ਮੁਲਾਜ਼ਮਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਆਪਣੇ ਦ੍ਰਿੜ ਹੌਂਸਲੇ ਤੇ ਹਿੰਮਤ ਸਦਕਾ ਪੰਜਾਬੀਆਂ ਨੇ ਦਰਿਆਵਾਂ ਨੂੰ ਬੰਨ ਮਾਰਨ ਦੀ ਅਦੁੱਤੀ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ 250 ਫੁੱਟ ਤੋਂ ਵੱਧ ਚੌੜੇ ਅਤੇ ਕਰੀਬ 30 ਫੁੱਟ ਡੂੰਘੇ ਧੁੱਸੀ ਬੰਨ ਦੇ ਇਸ ਪਾੜ ਨੂੰ ਭਰਨਾ ਸ਼ੁਰੂ ਕੀਤਾ ਸੀ ਤਾਂ ਉਸ ਸਮੇਂ ਕੁਝ ਵਿਅਕਤੀਆਂ ਦਾ ਕਹਿਣਾ ਸੀ ਕਿ ਇਸ ਪਾੜ ਨੂੰ ਭਰਨ ਵਿੱਚ ਘੱਟੋ-ਘੱਟ 20 ਦਿਨ ਲੱਗਣਗੇ। ਪਰ ਸੰਗਤ ਦੀ ਅਣਥੱਕ ਸੇਵਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਲਾਜ਼ਮਾਂ ਦੇ ਹਾਰ ਨਾ ਮੰਨਣ ਵਾਲੇ ਹੌਂਸਲੇ ਨੇ ਨਾਮੁਮਕਿਨ ਨੂੰ ਮੁਮਕਿਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅੱਜ ਤੱਕ ਇਹ ਕਦੀ ਨਹੀਂ ਹੋਇਆ ਸੀ ਕਿ ਏਨ੍ਹਾਂ ਵੱਡਾ ਪਾੜ ਕੇਵਲ ਤਿੰਨ ਰਾਤਾਂ ਵਿੱਚ ਪੂਰਾ ਕਰ ਦਿੱਤਾ ਗਿਆ ਹੋਵੇ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪਾੜ ਨੂੰ ਭਰਨ ਦਾ ਕੰਮ ਬਹੁਤ ਥੋੜਾ ਰਹਿ ਗਿਆ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਅੱਜ ਸ਼ਾਮ ਤੱਕ ਇਸ ਮੋਰਚੇ ਨੂੰ ਫ਼ਤਹਿ ਕਰ ਲਿਆ ਜਾਵੇਗਾ। ਉਨ੍ਹਾਂ ਧੁੱਸੀ ਬੰਨ ਦੇ ਪਾੜ ਨੂੰ ਭਰਨ ਵਿੱਚ ਲੱਗੇ ਹੋਏ ਹਰ ਵਿਅਕਤੀ, ਸੇਵਾਦਾਰ ਅਤੇ ਮੁਲਾਜ਼ਮ ਦਾ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧੰਨਵਾਦ ਕੀਤਾ ਹੈ।