- ਇਸ ਵਾਰ ਨਹੀਂ ਸਾੜਨ ਦਿੱਤੀ ਜਾਵੇਗੀ ਝੋਨੇ ਦੀ ਪਰਾਲੀ - ਡਿਪਟੀ ਕਮਿਸ਼ਨਰ
ਅੰਮ੍ਰਿਤਸਰ 7 ਅਗਸਤ 2024 : ਆ ਰਹੇ ਝੋਨੇ ਦੀ ਕਟਾਈ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਝੋਨੇ ਦੀ ਪਰਾਲੀ ਨੂੰ ਸਾਂਭਣ ਲਈ ਸਨਤਕਾਰਾਂ ਅਤੇ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰਨ ਵਾਲੇ ਬੇਲਰਾਂ ਦੇ ਮਾਲਕਾਂ ਦੀ ਆਹਮੋ ਸਾਹਮਣੀ ਗੱਲਬਾਤ ਕਰਵਾਈ ਤਾਂ ਜੋ ਦੋਵੇਂ ਧਿਰਾਂ ਇਸ ਸੀਜਨ ਵਿੱਚ ਪਰਾਲੀ ਨੂੰ ਸਹੀ ਢੰਗ ਨਾਲ ਵਰਤੋਂ ਵਿੱਚ ਲਿਆ ਸਕਣ। ਸ਼੍ਰੀ ਥੋਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਾਤਾਵਰਨ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪਰਾਲੀ ਪ੍ਰਬੰਧਨ ਨੂੰ ਪ੍ਰਮੁਖਤਾ ਨਾਲ ਲੈ ਰਹੀ ਹੈ ਅਤੇ ਇਸ ਵਾਰ ਵੀ ਵੱਡੀ ਗਿਣਤੀ ਵਿੱਚ ਪਰਾਲੀ ਦੀ ਸਾਂਭ ਸੰਭਾਲ ਵਾਲੀਆਂ ਮਸ਼ੀਨਾਂ ਕਿਸਾਨਾਂ ਨੂੰ ਸਬਸਿਡੀ ਉੱਤੇ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰੀ ਉਪਰਾਲਿਆਂ ਦਾ ਲਾਭ ਤਾਂ ਮਿਲ ਸਕਦਾ ਹੈ ਜੇਕਰ ਇਸ ਸਾਂਭੀ ਹੋਈ ਪਰਾਲੀ ਨੂੰ ਸਾਡੇ ਸਨਤਕਾਰ ਬਾਲਣ ਜਾਂ ਹੋਰ ਕਿਸੇ ਰੂਪ ਵਿੱਚ ਵਰਤੋਂ ਲਈ ਲਿਆਉਣ। ਉਨਾ ਕਿਹਾ ਕਿ ਸਾਡੇ ਕੋਲ ਵੱਡੀ ਇੰਡਸਟਰੀ ਮੌਜੂਦ ਹੈ ਬੇਲਰ ਵੀ ਮੌਜੂਦ ਹਨ ਪਰ ਫਿਰ ਵੀ ਕਿਧਰੇ ਆਪਸੀ ਤਾਲਮੇਲ ਦੀ ਘਾਟ ਕਾਰਨ ਪਰਾਲੀ ਦਾ ਸਹੀ ਪ੍ਰਬੰਧ ਫਿਲਹਾਲ ਨਹੀਂ ਸੀ ਹੋ ਰਿਹਾ। ਇਸ ਲਈ ਅੱਜ ਦੋਹਾਂ ਧਿਰਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਸਿੱਧੀ ਗੱਲਬਾਤ ਵਿੱਚ ਪਰਾਲੀ ਪ੍ਰਬੰਧਨ ਦਾ ਮਸਲਾ ਵਿਚਾਰਿਆ ਗਿਆ ਹੈ। ਉਹਨਾਂ ਸਖਤ ਸ਼ਬਦਾਂ ਵਿੱਚ ਕਿਹਾ ਕਿ ਆ ਰਹੇ ਝੋਨੇ ਦੇ ਸੀਜਨ ਵਿੱਚ ਕਿਸੇ ਵੀ ਕਿਸਾਨ ਨੂੰ ਪਰਾਲੀ ਨਹੀਂ ਸਾੜਨ ਦਿੱਤੀ ਜਾਵੇਗੀ ਬਲਕਿ ਸਾਡੇ ਵੱਲੋਂ ਬੇਲਰ ਜਾਂ ਸੁਪਰ ਸੀਡਰ ਵਰਗੇ ਮਸ਼ੀਨਾਂ ਮੌਜੂਦ ਰਹਿਣਗੀਆਂ। ਜਿਨਾਂ ਦੀ ਵਰਤੋਂ ਕਰਕੇ ਕਿਸਾਨ ਪਰਾਲੀ ਦੀ ਸਾਂਭ ਸੰਭਾਲ ਕਰ ਸਕੇਗਾ। ਉਹਨਾਂ ਸਨਤਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਪਰਾਲੀ ਨੂੰ ਬਾਲਣ ਦੇ ਰੂਪ ਵਿੱਚ ਵਰਤਣ ਲਈ ਆਪਣੇ ਆਪਣੇ ਪਲਾਂਟ ਲਗਾਉਣ ਤਾਂ ਕਿ ਮੁਫਤ ਵਿੱਚ ਮਿਲਣ ਵਾਲਾ ਇਹ ਬਾਲਣ ਵਰਤੋਂ ਵਿੱਚ ਲਿਆਂਦਾ ਜਾ ਸਕੇ। ਇਸ ਮੌਕੇ ਸਨਤਕਾਰਾਂ ਨੇ ਆਪਣੇ ਵੱਲੋਂ ਲਗਾਏ ਜਾ ਰਹੇ ਪਲਾਂਟਾਂ ਦੇ ਵੇਰਵੇ ਡਿਪਟੀ ਕਮਿਸ਼ਨਰ ਨਾਲ ਸਾਂਝੇ ਕਰਦੇ ਦੱਸਿਆ ਕਿ ਉਹ ਭਵਿੱਖ ਵਿੱਚ ਪਰਾਲੀ ਨੂੰ ਵਰਤਣ ਲਈ ਵੱਡੇ ਪੱਧਰ ਉੱਤੇ ਵੱਖਰੇ ਪਲਾਂਟ ਲਗਾ ਰਹੇ ਹਨ ਤਾਂ ਜੋ ਇਸ ਨੂੰ ਊਰਜਾ ਪੈਦਾ ਕਰਨ ਦੇ ਕੰਮ ਵਿੱਚ ਲਿਆਂਦਾ ਜਾ ਸਕੇ। ਇਸ ਮੌਕੇ ਹਾਜ਼ਰ ਬੇਲਰ ਮਾਲਕਾਂ ਨੇ ਵੀ ਅੰਮ੍ਰਿਤਸਰ ਜਿਲੇ ਵਿੱਚ ਜਿੱਥੇ ਕਿ ਝੋਨੇ ਦੀ ਕਟਾਈ ਪਹਿਲਾਂ ਸ਼ੁਰੂ ਹੁੰਦੀ ਹੈ, ਵਿੱਚ ਕੰਮ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਹਾਜ਼ਰ ਕੁਝ ਕਿਸਾਨਾਂ ਨੇ ਵੀ ਆਪਣਾ ਮਸ਼ਵਰਾ ਦਿੰਦੇ ਦੱਸਿਆ ਕਿ ਜਿੰਨਾ ਵੀ ਕਿਸਾਨਾਂ ਨੇ ਪਰਾਲੀ ਨੂੰ ਖੇਤਾਂ ਵਿੱਚ ਵਾਹਿਆ ਹੈ ਜਾਂ ਸੁਪਰ ਸੀਡਰ ਦੀ ਮਦਦ ਨਾਲ ਕਣਕ ਬੀਜੀ ਹੈ ਉਹਨਾਂ ਨੂੰ ਇੱਕ ਤਾਂ ਝਾੜ ਵੱਧ ਮਿਲਿਆ ਹੈ ਦੂਸਰਾ ਉਹਨਾਂ ਦਾ ਖਰਚਾ ਘੱਟ ਆਇਆ ਹੈ। ਜਿਸ ਨਾਲ ਵੱਧ ਮੁਨਾਫਾ ਕਿਸਾਨਾਂ ਨੂੰ ਹੋਇਆ ਹੈ। ਇਸ ਮੌਕੇ ਆਈ ਏ ਐਸ ਅਧਿਕਾਰੀ ਸ੍ਰੀਮਤੀ ਸੋਨਮ, ਮੁੱਖ ਖੇਤੀਬਾੜੀ ਅਧਿਕਾਰੀ ਤਜਿੰਦਰ ਸਿੰਘ, ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਸ਼੍ਰੀ ਸੁਖਦੇਵ ਸਿੰਘ, ਸਨਤਕਾਰ ਕਮਲ ਡਾਲਮੀਆ, ਰਾਣਾ ਸ਼ੂਗਰ ਮਿੱਲ, ਓਸੀਐਮ ਮਿੱਲ ਦੇ ਮੁੱਖ ਅਧਿਕਾਰੀ ਅਤੇ ਹੋਰ ਅਦਾਰਿਆਂ ਦੇ ਮਾਲਕ ਅਤੇ ਮਨੇਜ਼ਰ ਹਾਜ਼ਰ ਸਨ।