- ਕੱਲ ਤੋਂ ਸਕੂਲ ਆਮ ਵਾਂਗ ਖੁੱਲ੍ਹਣਗੇ
- ਗੁਰਦਾਸਪੁਰ ਮੁਕੇਰੀਆਂ ਮਾਰਗ ਤੋਂ ਵੀ ਕੱਲ ਤੋਂ ਸ਼ੁਰੂ ਹੋਵੇਗੀ ਆਵਾਜਾਈ - ਡਿਪਟੀ ਕਮਿਸ਼ਨਰ
ਗੁਰਦਾਸਪੁਰ, 22 ਅਗਸਤ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਹੜ੍ਹ ਪ੍ਰਭਾਵਤ ਖੇਤਰਾਂ ਦਾ ਦੌਰਾ ਲਗਾਤਾਰ ਜਾਰੀ ਹੈ। ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਹੜ੍ਹ ਪੀੜ੍ਹਤਾਂ ਦਾ ਹਾਲ ਜਾਨਣ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਰਾਹਤ ਟੀਮਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਰਾਹਤ ਟੀਮਾਂ ਹੜ੍ਹ ਪ੍ਰਭਾਵਤ ਖੇਤਰ ਵਿੱਚ ਲਗਾਤਾਰ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੌਂਗ ਡੈਮ ਦੇ ਪਾਣੀ ਦਾ ਪੱਧਰ ਖ਼ਤਰਾ ਨਿਸ਼ਾਨ ਤੋਂ ਥੱਲੇ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੱਲ ਤੋਂ ਗੁਰਦਾਸਪੁਰ ਵਿਖੇ ਸਾਰੇ ਸਕੂਲ ਰੋਜ਼ ਵਾਂਗ ਖੁੱਲ੍ਹਣਗੇ ਅਤੇ ਮੁਕੇਰੀਆਂ ਦਾ ਰਸਤਾ ਵੀ ਕੱਲ ਤੋਂ ਪੂਰੀ ਤਰ੍ਹਾਂ ਖੋਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੋਹਤਬਰਾਂ ਨੂੰ ਨਾਲ ਲੈ ਕੇ ਘਰਾਂ ਤੇ ਪਸ਼ੂਆਂ ਨੂੰ ਹੋਏ ਨੁਕਸਾਨ ਦਾ ਅੰਦਾਜ਼ਾ ਲਗਾ ਰਹੀਆਂ ਹਨ। ਉਹਨਾਂ ਲੋਕਾਂ ਨੂੰ ਇਨ੍ਹਾਂ ਟੀਮਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਤੇ ਮੱਛਰ ਦੀ ਦਵਾਈਆਂ ਦਾ ਛਿੜਕਾਅ ਕਰਾਇਆ ਜਾ ਰਿਹਾ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਬੇਸਹਾਰਾ ਪਸ਼ੂਆਂ ਲਈ ਚਾਰਾ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਤੇ ਪਾਣੀ ਦੀ ਬੋਤਲਾਂ ਮੁਹੱਈਆ ਕਰਵਾਈ ਜਾ ਰਹੀਆਂ ਹਨ। ਨਾਲ ਹੀ ਮੱਛਰਦਾਨੀਆਂ ਤੇ ਤਰਪਾਲਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਕਈ ਥਾਵਾਂ ’ਤੇ ਸੰਗਤ ਵੱਲੋਂ ਵੀ ਲੋਕਾਂ ਲਈ ਵੱਖ-ਵੱਖ ਚੀਜ਼ਾਂ ਜਿਵੇਂ ਕਿ ਚਾਰਾ, ਰਾਸ਼ਨ, ਤੂੜੀ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਸਮੁੱਚੇ ਪ੍ਰਸ਼ਾਸਨ ਵੱਲੋਂ ਸੇਵਾ ਵਿੱਚ ਸਹਿਯੋਗ ਕਰ ਰਹੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਡਾ. ਹਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਫਸਲਾਂ ਦੇ ਹੋਏ ਨੁਕਸਾਨ ਦਾ ਅੰਦਾਜ਼ਾ ਗਿਰਦਾਵਰੀ ਰਾਹੀਂ ਖੇਤਾਂ ਵਿਚ ਪਾਣੀ ਉਤਰਨ ਤੋਂ ਬਾਅਦ ਛੇਤੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਲੱਗਦਾ ਹੈ ਕਿ ਉਨ੍ਹਾਂ ਤੱਕ ਮਦਦ ਨਹੀਂ ਪਹੁੰਚੀ ਜਾਂ ਕੋਈ ਲੋੜ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਹੈਲਪ ਲਾਈਨ ਨੰਬਰ 18001801852 ’ਤੇ ਕਾਲ ਕਰਕੇ ਦੱਸ ਸਕਦੇ ਹਨ, ਉਨ੍ਹਾਂ ਲਈ ਤੁਰੰਤ ਸਹਾਇਤਾ ਭੇਜੀ ਜਾਵੇਗੀ।