ਅੰਮ੍ਰਿਤਸਰ, 27 ਮਾਰਚ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹੀਦੀ ਮੌਕੇ ਸਰਹੰਦ ਦੇ ਨਵਾਬ ਵਜ਼ੀਰ ਖਾਂ ਦੀ ਕਚਹਿਰੀ ਅੰਦਰ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ-ਏ-ਮਲੇਰਕੋਟਲਾ ਸ਼ੇਰ ਮੁਹੰਮਦ ਖਾਂ ਦੇ ਵੰਸ਼ਜ਼ ਅਤੇ ਰਿਆਸਤ ਦੇ ਆਖਰੀ ਨਵਾਬ ਇਖਤਾਰ ਅਲੀ ਖਾਂ ਦੀ ਬੇਗਮ ਮਨੁਬਰ-ਉਲ-ਨਿਸਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1 ਅਪ੍ਰੈਲ ਨੂੰ ਸਨਮਾਨਿਤ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਇਹ ਸਨਮਾਨ ਸਮਾਗਮ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਵੇਗਾ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਅੰਤ੍ਰਿੰਗ ਕਮੇਟੀ ਵੱਲੋਂ ਮਲੇਰਕੋਟਲਾ ਰਿਆਸਤ ਦੇ ਆਖਰੀ ਨਵਾਬ ਦੀ ਬੇਗਮ ਮਨੁਬਰ-ਉਲ-ਨਿਸਾ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਸੀ। ਇਸ ਫੈਸਲੇ ਦੀ ਰੌਸ਼ਨੀ ਵਿਚ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਹਿਲੀ ਅਪ੍ਰੈਲ ਨੂੰ ਸਨਮਾਨ ਸਮਾਗਮ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੇਗਮ ਮਨੁਬਰ-ਉਲ-ਨਿਸਾ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਨਮਾਨ ਵਿਚ ਵਿਸ਼ੇਸ਼ ਰਾਸ਼ੀ ਦਾ ਚੈੱਕ, ਚਾਂਦੀ ਦੀ ਤਸਤਰੀ, ਸ੍ਰੀ ਸਾਹਿਬ ਅਤੇ ਸਨਮਾਨ ਪੱਤਰ ਦੇਣਗੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਨਵਾਬ ਮਲੇਰਕੋਟਲਾ ਦੇ ਪਰਿਵਾਰ ਪਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦਗਾਰੀ ਨਿਸ਼ਾਨੀ ਕਿਰਪਾਨ ਵੀ ਮੌਜੂਦ ਹੈ, ਜਿਸ ਦੇ ਸਨਮਾਨ ਸਮਾਗਮ ਦੌਰਾਨ ਸੰਗਤ ਨੂੰ ਦਰਸ਼ਨ ਕਰਵਾਏ ਜਾਣਗੇ।