- ਜ਼ਿਲਾ ਹਸਪਤਾਲ ਗੁਰਦਾਸਪੁਰ ਵਿਖੇ ਮੈਡੀਕਲ ਅਫਸਰਾਂ ਦੀਆਂ 29 ਨਵੀਆਂ ਹੋਰ ਅਸਾਮੀਆਂ ਮੰਜੂਰ-ਕੁੱਲ ਅਸਾਮੀਆਂ ਦੀ ਗਿਣਤੀ 39 ਹੋਈ-ਚੇਅਰਮੈਨ ਰਮਨ ਬਹਿਲ
ਗੁਰਦਾਸਪੁਰ, 24 ਸਤੰਬਰ 2024 : ਸ੍ਰੀ ਰਮਨ ਬਹਿਲ, ਚੇਅਰਮੈਨ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਕਿਹਾ ਕਿ ਸਿਹਤ ਵਿਭਾਗ ਵਿੱਚ ਮੈਡੀਕਲ ਅਫਸਰਾਂ ਦੀਆਂ ਨਵੀਆਂ ਅਸਾਮੀਆਂ ਸਿਰਜ ਕੇ ਪੰਜਾਬ ਸਰਕਾਰ ਨੇ ਕ੍ਰਾਂਤੀਕਾਰੀ ਕਦਮ ਚੁੱਕਿਆ ਹੈ ਅਤੇ ਇਸ ਫੈਸਲੇ ਨਾਲ ਸੂਬੇ ਵਿੱਚ ਸਿਹਤ ਢਾਂਚਾ ਹੋਰ ਮਜ਼ਬੂਤ ਹੋਵੇਗਾ। ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਸਿਹਤ ਢਾਂਚੇ ਨੂੰ ਮਜਬੂਤ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬੀਤੇ ਸਮੇਂ ਵਿੱਚ ਜਿੱਥੇ ਨਵੇਂ ਆਮ ਆਦਮੀ ਕਲੀਨਿਕ , ਨਵੇਂ ਹਸਪਤਾਲਾਂ ਦੀ ਸਿਰਜਣਾ ਕੀਤੀ ਗਈ ਹੈ, ਉੱਥੇ ਹੀ ਸਿਹਤ ਵਿਭਾਗ ਵਿੱਚ ਨਵੀਆਂ ਅਸਾਮੀਆਂ ਦੀ ਵੀ ਸਿਰਜਣਾ ਕੀਤੀ ਗਈ| ਇਸੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਰਾਜ ਵਿੱਚ ਮੈਡੀਕਲ ਅਫਸਰਾਂ ਦੀਆਂ ਕੁੱਲ 1390 ਨਵੀਆਂ ਅਸਾਮੀਆਂ ਮਨਜ਼ੂਰ ਕੀਤੀਆਂ ਗਈਆਂ ਹਨ। ਜ਼ਿਲਾ ਹਸਪਤਾਲ ਗੁਰਦਾਸਪੁਰ ਦੀ ਗੱਲ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਇੱਥੇ ਮੈਡੀਕਲ ਅਫਸਰਾਂ ਦੀ 10 ਅਸਾਮੀਆਂ ਸਨ ਅਤੇ ਹੁਣ 29 ਨਵੀਂਆਂ ਅਸਾਮੀਆਂ ਮੰਜੂਰ ਹੋਈਆਂ ਹਨ। ਜਿਸ ਨਾਲ ਕੁੱਲ ਅਸਾਮੀਆਂ ਦੀ ਗਿਣਤੀ 39 ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਲਦ ਹੀ ਇਨ੍ਹਾਂ ਅਸਾਮੀਆਂ ਨੂੰ ਭਰਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ 577 ਨਵੀਂ ਅਸਾਮੀਆਂ ਸਿਰਜੀਆ ਗਈਆਂ ਹਨ।ਪਹਿਲਾਂ ਜਿਲਾ ਹਸਪਤਾਲਾਂ ਵਿੱਚ 277 ਅਸਾਮੀਆਂ ਸਨ ਨਵੀਂ ਮੰਜੂਰੀ ਨਾਲ ਇਹ 854 ਹੋ ਗਈਆਂ ਹਨ। ਇਸੇ ਤਰ੍ਹਾਂ ਸਬ ਡਵੀਜ਼ਨਲ ਹਸਪਤਾਲਾਂ ਵਿੱਚ ਕੁੱਲ 294 ਅਸਾਮੀਆਂ ਹਨ ਅਤੇ ਨਵੀਂਆਂ ਅਸਾਮੀਆਂ 813 ਮੰਜੂਰ ਹੋਇਆਂ ਹਨ, ਜਿਸ ਨਾਲ ਹੁਨ ਕੁੱਲ 1107 ਅਸਾਮੀਆਂ ਹੋ ਗਈਆਂ ਹਨ।