ਗੁਰਦਾਸਪੁਰ, 21 ਅਕਤੂਬਰ : ਹੰਸ ਫਾਊਂਡੇਸ਼ਨ ਦੀ ਟੀਮ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੰਡ ਅਬੁਲਖੈਰ ਕਲੋਨੀ ਵਿੱਚ ਟਾਈਪ-2 ਸ਼ੂਗਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਡਾ. ਗਗਨਦੀਪ ਸਿੰਘ ਗਿੱਲ ਵੱਲੋਂ ਡਾਇਬਟੀਜ਼ ਟਾਈਪ-2 ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ। ਡਾ. ਗਿੱਲ ਨੇ ਦੱਸਿਆ ਕਿ ਸ਼ੂਗਰ ਦੇ ਵੱਧਣ ਦੇ ਕਿਹੜੇ ਕਾਰਨ ਹਨ ਅਤੇ ਸ਼ੂਗਰ ਨੂੰ ਕੰਟਰੋਲ ਕਰਨ ਲਈ ਅਸੀਂ ਆਪਣੀ ਖੁਰਾਕ `ਚ ਕੀ-ਕੀ ਸ਼ਾਮਲ ਕਰ ਸਕਦੇ ਹਾਂ ਅਤੇ ਕੀ ਨਹੀਂ ਕਰਨਾ ਚਾਹੀਦਾ, ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਕਿਹਾ ਸ਼ੂਗਰ ਨੂੰ ਕੰਟਰੋਲ ਕਰਨ ਲਈ ਅਸੀਂ ਆਪਣੀ ਰੋਜ਼ਾਨਾ ਦੀ ਰੁਟੀਨ ਵਿਚ ਕਸਰਤ ਵੀ ਕਰ ਸਕਦੇ ਹਾਂ, ਜਿਸ ਨਾਲ ਸਰੀਰ ਤੰਦਰੁਸਤ ਰਹੇਗਾ ਅਤੇ ਸ਼ੂਗਰ ਦਾ ਪੱਧਰ ਵੀ ਕੰਟਰੋਲ ਵਿਚ ਰਹੇਗਾ। ਕੈਂਪ ਦੌਰਾਨ ਡਾ. ਗਗਦੀਪ ਸਿੰਘ ਗਿੱਲ (ਮੈਡੀਕਲ ਅਫਸਰ), ਸਮਾਜਿਕ ਸੁਰੱਖਿਆ ਵਿਭਾਗ ਤੋਂ ਸ੍ਰੀ ਹੀਰਾ ਲਾਲ ਸ਼ਰਮਾ, ਕੁਲਵਿੰਦਰ ਕੌਰ (ਲੈਬ ਟੈਕਨੀਸ਼ੀਅਨ), ਰਿਤਿਕਾ ਠਾਕੁਰ (ਫਾਰਮਾਸਿਸਟ) ਅਤੇ ਹਨੀ ਸ਼ਰਮਾ ਵੀ ਹਾਜ਼ਰ ਸਨ।