ਤਰਨ ਤਾਰਨ, 07 ਜੂਨ : ਭਾਰਤ ਚੋਣ ਕਮਿਸ਼ਨ ਵੱਲੋਂ 01ਜਨਵਰੀ, 2024 ਦੇ ਆਧਾਰ ਤੇ ਵੋਟਰ ਸੂਚੀ ਦੀ ਸੁਧਾਈ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ,ਜਿਸ ਤਹਿਤ ਨਵੇਂ ਵੋਟ ਬਣਵਾਉਣ ਤੋਂ ਇਲਾਵਾ ਜਿਹੜੇ ਮਤਦਾਤਾ ਕੋਈ ਦਰੁਸਤੀ ਜਾਂ ਵੋਟ ਕਟਵਾਉਣੀ ਚਾਹੁੰਦੇ ਹਨ ਤਾਂ ਆਪਣੇ ਬੂਥ ਲੈਵਲ ਅਫ਼ਸਰ ਜਾਂ ਨੇੜੇ ਪੈਂਦੇ ਐਸ ਡੀ ਐਮ ਕਮ ਮਤਾਦਾਤਾ ਰਜਿਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਵਿਖੇ ਲੋੜੀਂਦੇ ਫ਼ਾਰਮ ਭਰ ਕੇ ਦਾਅਵਾ ਜਾਂ ਇਤਰਾਜ਼ ਪੇਸ਼ ਕਰ ਸਕਦੇ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਸੰਦੀਪ ਰਿਸ਼ੀ ਨੇ ਕਿਹਾ ਕਿ ਈ.ਆਰ.ਓ,ਏ.ਈ.ਆਰ.ਓ ਅਤੇ ਬੀ.ਐਲ.ਓਜ਼ ਦੀ ਟ੍ਰੇਨਿੰਗ 1 ਜੂਨ 2023 ਤੋਂ 20 ਜੁਲਾਈ 2023 ਤੱਕ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬੀ.ਐਲ.ਓਜ਼ ਵਲੋਂ ਘਰ-ਘਰ ਜਾ ਕੇ ਵੈਰੀਫਿਕੇਸ਼ਨ ਅਤੇ ਪੋਲਿੰਗ ਸਟੇਸ਼ਨਾ ਦੇ ਮੁੜ ਪ੍ਰਬੰਧਾਂ ਦਾ ਕੰਮ 23 ਜੁਲਾਈ 2023 ਤੋਂ 23 ਅਗਸਤ 2023 ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਸੇ ਤਰ੍ਹਾਂ ਜੇਕਰ ਕਿਸੇ ਵੋਟਰ ਵਲੋਂ ਕੋਈ ਦਰੁਸਤੀ ਕਰਵਾਉਣੀ ਹੋਵੇ ਜਿਵੇਂ ਕਿ ਵੋਟਰ ਦੀ ਫੋਟੋ,ਪੋਲਿੰਗ ਸਟੇਸ਼ਨ ,ਨਾਮ ਅਤੇ ਪਤਾ ਆਦਿ ਵਿਚ ਦਰੁਸਤੀ ਦੇ ਲਈ 22 ਅਗਸਤ 2023 ਤੋਂ 29 ਸਤੰਬਰ 2023 ਤੱਕ ਮੁਹਿੰਮ ਚਲਾ ਕੇ ਵੋਟਰ ਸੂਚੀਆਂ ਦੀ ਸੁਧਾਈ ਪੂਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦਾਅਵੇ ਅਤੇ ਇਤਰਾਜ਼ 17 ਅਕਤੂਬਰ 2023 ਤੋਂ 31 ਨਵੰਬਰ 2023 ਤੱਕ ਪ੍ਰਾਪਤ ਕਰਕੇ 26 ਦਸਬੰਰ 2023 ਤੱਕ ਨਿਪਟਾਰੇ ਕੀਤੇ ਜਾਣਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜ਼ਿਲ੍ਹੇ ਦੇ 18 ਸਾਲ ਦੀ ਉਮਰ ਪੂਰੀ ਕਰਨ ਜਾ ਰਹੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਆਪੋ-ਆਪਣੇ ਬੂਥ ਦੇ ਬੀ ਐਲ ਓ ਰਾਹੀਂ ਫ਼ਾਰਮ ਨੰ. 6 ਭਰ ਕੇ ਆਪਣੀ ਵੋਟ ਰਜਿਸਟਰ ਕਰਵਾਉਣ ਦਾ ਸੱਦਾ ਵੀ ਦਿੱਤਾ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਅਨੁਸਾਰ ਵੋਟਰ ਸੂਚੀ ਦੀ ਸੁਧਾਈ ਮੁਹਿੰਮ ਦੀ ਮੁਕੰਮਲਤਾ ਬਾਅਦ 5 ਜਨਵਰੀ 2024 ਨੂੰ ਮਤਦਾਤਾ ਸੂਚੀ ਦੀ ਅੰਤਮ ਪ੍ਰਕਾਸ਼ਨਾ ਕੀਤੀ ਜਾਵੇਗੀ।