- ਟੋਕਨ ਪ੍ਰਣਾਲੀ ਨੂੰ ਪਾਰਦਰਸ਼ੀ ਕਰਨ ਦੀ ਕੀਤੀ ਹਦਾਇਤ
- ਸੇਵਾ ਕੇਂਦਰ ’ਚ ਆਪਣਾ ਕੰਮ ਕਰਵਾਉਣ ਆਈ ਔਰਤ ਦੀ ਕੀਤੀ ਮਾਲੀ ਸਹਾਇਤਾ
ਅੰਮ੍ਰਿਤਸਰ, 2 ਅਗਸਤ 2024 : ਅੱਜ ਸ੍ਰ ਹਰਭਜਨ ਸਿੰਘ ਈ:ਟੀ:ਓ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵੱਲੋਂ ਅਚਾਨਕ ਤਹਿਸੀਲ ਅੰਮ੍ਰਿਤਸਰ ਅਤੇ ਸੇਵਾ ਕੇਂਦਰ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੇਂ ਸਿਰ ਆਪਣੀ ਡਿਊਟੀ ਦੇ ਹਾਜਰ ਹੋਣ ਅਤੇ ਕੰਮ ਕਰਵਾਉਣ ਲਈ ਆਏ ਲੋਕਾਂ ਨੂੰ ਖੱਜਲ ਖੁਆਰ ਨਾ ਹੋਣ ਦੇਣ। ਈਟੀਓ ਨੇ ਇਸ ਮੌਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ। ਲੋਕਾਂ ਨੇ ਧਿਆਨ ਵਿੱਚ ਲਿਆਂਦਾ ਕਿ ਠੋਕਣ ਲੈਣ ਵਿੱਚ ਸਮੱਸਿਆ ਆਉਂਦੀ ਹੈ ਅਤੇ ਇਸ ਵਿੱਚ ਪੂਰੀ ਤਰ੍ਹਾਂ ਪਾਰਦਰਸ਼ਤਾ ਨਹੀਂ ਹੈ ਇਸ ਉੱਤੇ ਕੈਬਨਿਟ ਮੰਤਰੀ ਨੇ ਹਦਾਇਤ ਕੀਤੀ ਕਿ ਟੋਕਨ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਕੀਤਾ ਜਾਵੇ ਅਤੇ ਜੋ ਵੀ ਆਦਮੀ ਸਾਹਮਣੇ ਖੜਾ ਹੈ ਉਸ ਦੇ ਨਾਮ ਉੱਤੇ ਹੀ ਟੋਕਨ ਦਿੱਤਾ ਜਾਵੇ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਤਹਿਸੀਲਾਂ ਵਿੱਚ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਲੋਕ ਤੜਕਸਾਰ ਹੀ ਆਪਣਾ ਸਮਾਂ ਕੱਢ ਕੇ ਕੰਮ ਕਰਵਾਉਣ ਆਉਂਦੇ ਹਨ ਅਤੇ ਉਨ੍ਹਾਂ ਦਾ ਕੰਮ ਸਮੇਂ ਸਿਰ ਹੋਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਹੋਰ ਕੰਮ ਵੀ ਕਰ ਸਕਣ। ਚੈਕਿੰਗ ਦੌਰਾਨ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਵੱਲੋਂ ਸੇਵਾ ਕੇਂਦਰ ਦੀ ਚੈਕਿੰਗ ਦੌਰਾਨ ਵੀਲ ਚੇਅਰ ਉੱਤੇ ਇੱਕ ਬਜ਼ੁਰਗ ਮਾਤਾ ਅਤੇ ਉਸਨੂੰ ਨਾਲ ਲੈ ਕੇ ਆਈ ਔਰਤ ਨਾਲ ਮੁਲਾਕਾਤ ਹੋਈ। ਉਸ ਔਰਤ ਨੇ ਦੱਸਿਆ ਕਿ ਉਹ ਸੇਵਾ ਕੇਂਦਰ ਵਿਖੇ ਆਪਣੀ ਮਾਤਾ ਦੀ ਪੈਨਸ਼ਨ ਸਬੰਧੀ ਆਈ ਹੋਈ ਹੈ। ਉਸ ਨੇ ਦੱਸਿਆ ਕਿ ਉ ਉਹ ਪੰਜ ਭੈਣਾਂ ਅਤੇ ਇੱਕ ਭਰਾ ਹਨ। ਉਹਨਾਂ ਦੇ ਭਰਾ ਨੇ ਮਾਤਾ ਨੂੰ ਘਰੋਂ ਕੱਢ ਦਿੱਤਾ ਹੈ ਅਤੇ ਇਹ ਮਾਤਾ ਇਸ ਵੇਲੇ ਮੇਰੇ ਕੋਲ ਰਹਿ ਰਹੀ ਹੈ। ਮੇਰੀਆਂ ਆਪਣੀਆਂ ਧੀਆਂ ਹਨ ਅਤੇ ਇਸ ਲਈ ਮੈਨੂੰ ਵਿੱਤੀ ਸਹਾਇਤਾ ਦੀ ਲੋੜ ਹੈ। ਇਹ ਸੁਣ ਕੇ ਕੈਬਨਿਟ ਮੰਤਰੀ ਨੇ ਡੀਸੀ ਸਾਹਿਬ ਨੂੰ ਤੁਰੰਤ ਹੱਲ ਕਰਨ ਲਈ ਕਿਹਾ, ਜਿਨਾਂ ਨੇ ਆਪਣੇ ਕੋਟੇ ਵਿੱਚੋਂ 36 ਹਜਾਰ ਰੁਪਏ ਜੋ ਕਿ ਉਨਾਂ ਦੇ ਘਰ ਦਾ ਛੇ ਮਹੀਨੇ ਦਾ ਕਿਰਾਇਆ ਸੀ, ਮੌਕੇ ਉੱਤੇ ਦੇ ਕੇ ਤੋਰਿਆ। ਕੈਬਨਿਟ ਮੰਤਰੀ ਸ੍ਰ ਈ:ਟੀ:ਓ ਨੇ ਉਸੇ ਹੀ ਸਮੇਂ ਡਿਪਟੀ ਕਮਿਸ਼ਨਰ ਦਫਤਰ ਵਿੱਚ ਸਬੰਧਤ ਅਧਿਕਾਰੀਆਂ ਨੂੰ ਮੌਕੇ ’ਤੇ ਸੱਦਿਆ ਅਤੇ ਕਿਹਾ ਕਿ ਇਸ ਦੀ ਮਾਤਾ ਦੀ ਪੈਨਸ਼ਨ ਤੁਰੰਤ ਲਗਾਈ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ, ਐਸਡੀਐਮ ਮਨਕੰਵਲ ਸਿੰਘ ਚਾਹਲ, ਤਹਿਸੀਲਦਾਰ ਅਮਰਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।