- ਅੱਜ ਤੱਕ ਆਨਲਾਈਨ ਪੋਰਟਲ 'ਤੇ 151 ਕਿਸਾਨਾਂ ਵਲੋਂ ਕੀਤਾ ਗਿਆ ਅਪਲਾਈ
- ਡਿਪਟੀ ਕਮਿਸ਼ਨਰ ਵੱਲੋਂ ਜਿਲੇ ਦੇ ਵੱਧ ਤੋਂ ਵੱਧ ਕਿਸਾਨਾਂ ਨੂੰ ਅਪਲਾਈ ਕਰਨ ਦੀ ਅਪੀਲ
ਤਰਨ ਤਾਰਨ, 07 ਸਤੰਬਰ : ਜਿਲਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਪਰਾਲੀ ਸਾਂਭਣ ਲਈ ਸਰਫ਼ੇਸ ਸੀਡਰ ਮਸ਼ੀਨ ਸਬਸਿਡੀ 'ਤੇ ਉਪਲਬਧ ਕਰਵਾਉਣ ਵਾਸਤੇ ਆਨਲਾਈਨ ਪੋਰਟਲ agrimachinerypb.com ਰਾਹੀਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਬਿਨੈ ਪੱਤਰ ਦੇਣ ਦੀ ਆਖ਼ਰੀ ਮਿਤੀ 10 ਸਤੰਬਰ, 2023 ਹੈ ਅਰਜ਼ੀਆਂ ਦੇਣ ਲਈ ਕਿਸਾਨ ਵੀਰ ਡਾਇਰੈਕਟਰ ਖੇਤੀਬਾੜੀ ਵੱਲੋਂ ਅਖਬਾਰਾਂ ਵਿੱਚ ਦਿੱਤੇ ਇਸ਼ਤਿਹਾਰ ਵਿਚ ਦਿੱਤੇ ਗਏ ਬਾਰਕੋਡ ਨੂੰ ਵੀ ਸਕੈਨ ਕਰ ਸਕਦੇ ਹਨ। ਸਕੀਮ ਅਧੀਨ ਸਰਫ਼ੇਸ ਸੀਡਰ 'ਤੇ ਵੱਧ ਤੋਂ ਵੱਧ ਸਬਸਿਡੀ ਦੀ ਦਰ ਵਿਅਕਤੀਗਤ ਕਿਸਾਨ 40,000 ਰੁਪਏ ਅਤੇ ਕਸਟਮ ਹਾਇਰਿੰਗ ਸੈਂਟਰ 64,000 ਰੁਪਏ ਅਨੁਸਾਰ ਹੋਵੇਗੀ। ਉਹਨਾਂ ਦੱਸਿਆ ਕਿ ਸਰਕਾਰ ਵਲੋਂ 300 ਸਰਫੇਸ ਸੀਡਰ ਕਿਸਾਨਾਂ ਨੂੰ ਸਬਸਿਡੀ ਤੇ ਦੇਣ ਦਾ ਟੀਚਾ ਪਾ੍ਪਤ ਹੋਇਆ ਹੈ, ਜਿਸ ਵਿਚੋ ਅੱਜ 07 ਸਤੰਬਰ ਤੱਕ 151 ਸਰਫੇਸ ਸੀਡਰ ਦਾ ਅਰਜੀਆਂ ਰਾਹੀ ਆਨਲਾਈਨ ਪੋਰਟਲ 'ਤੇ ਕਿਸਾਨਾਂ ਵਲੋਂ ਅਪਲਾਈ ਕੀਤਾ ਗਿਆ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪਾਲ ਸਿੰਘ ਪਨੂੰ ਨੇ ਦਸਿਆ ਕਿ ਇਸ ਮਸ਼ੀਨ ਵਿੱਚ ਕਟਰ-ਕਮ-ਸਪਰੈਡਰ ਸੁੁਧਾਰਿਆ ਹੋਇਆ ਕਟਰ) ਉੱਪਰ ਆਮ ਬਿਜਾਈ ਡਰਿੱਲ ਦਾ ਉਪਰਲਾ ਹਿੱਸਾ ਪਾਈਪਾਂ ਸਮੇਤ (ਬਿਨਾਂ ਫਾਲਿਆਂ ਤੋਂ) ਲਗਾਇਆ ਗਿਆ ਹੈ। ਇਹ ਮਸ਼ੀਨ ਕੰਬਾਈਨ ਨਾਲ ਕੱਟੇ ਝੋਨੇ ਦੇ ਖੇਤ ਵਿੱਚ ਇੱਕੋ ਸਮੇਂ ਬੀਜ ਅਤੇ ਖਾਦ ਪਾ ਦਿੰਦੀ ਹੈ ਅਤੇ ਨਾਲੋਂ-ਨਾਲ ਝੋਨੇ ਦੇ ਖੜ੍ਹੇ ਕਰਚੇ (4 ਤੋਂ 5 ਇੰਚ ਉੱਚਾ) ਕੱਟ ਕੇ ਇਕਸਾਰ ਖਿਲਾਰ ਦਿੰਦੀ ਹੈ। ਕੱਟਿਆ ਹੋਇਆ ਪਰਾਲ ਬੀਜ ਨੂੰ ਢੱਕ ਲੈਂਦਾ ਹੈ ਜੋ ਕਿ ਬਾਅਦ ਵਿੱਚ ਮਲਚ ਦਾ ਕੰਮ ਕਰਦਾ ਹੈ, ਜਿਸ ਨਾਲ ਨਦੀਨ ਘੱਟ ਹੁੰਦੇ ਹਨ ਅਤੇ ਜ਼ਮੀਨ ਦਾ ਤਾਪਮਾਨ ਵੀ ਅਨੁਕੂਲ ਬਣਿਆ ਰਹਿੰਦਾ ਹੈ। ਤਕਰੀਬਨ ਹਫਤੇ ਬਾਅਦ ਕਣਕ ਦਾ ਜੰਮ ਪਰਾਲੀ ਵਿੱਚੋ ਬਾਹਰ ਦਿਸਣਾ ਸ਼ੁਰੂ ਹੋ ਜਾਂਦਾ ਹੈ।ਇਹ ਵੀ ਦੇਖਣ ਵਿੱਚ ਆਇਆ ਹੈ ਕਿ ਇਸ ਤਕਨੀਕ ਨਾਲ ਬੀਜੀ ਹੋਈ ਕਣਕ ਘੱਟ ਡਿੱਗਦੀ ਹੈ ਅਤੇ ਪਰਾਲੀ ਦਾ ਖੇਤ ਵਿੱਚ ਰਹਿਣ ਕਰਕੇ ਜ਼ਮੀਨ ਦੀ ਸਿਹਤ ਦਾ ਵੀ ਸੁੁਧਾਰ ਹੁੰਦਾ ਹੈ। ਇਹ ਮਸ਼ੀਨ 45 ਹਾਰਸ ਪਾਵਰ ਟਰੈਕਟਰ ਨਾਲ ਚਲ ਸਕਦੀ ਹੈ ਅਤੇ ਇਕ ਘੰਟੇ ਵਿੱਚ 1.5 ਏਕੜ ਕਣਕ ਦੀ ਬਿਜਾਈ ਕਰ ਸਕਦੀ ਹੈ। ਇਹ ਮਸ਼ੀਨ 700 ਤੋਂ 800 ਰੁਪਏ ਵਿੱਚ ਇੱਕ ਏਕੜ ਕਣਕ ਦੀ ਬਿਜਾਈ ਕਰ ਸਕਦੀ ਹੈ। ਇਸ ਮਸ਼ੀਨ 'ਤੇੇ ਸਬਸਿਡੀ ਲੈਣ ਦੇ ਚਾਹਵਾਨ ਕਿਸਾਨ ਮਿਤੀ:10 ਸਤੰਬਰ, 2023 ਸ਼ਾਮ 5:00 ਵਜੇ ਤੱਕ ਆਪਣੀਆਂ ਅਰਜ਼ੀਆਂ ਆਨਲਾਈਨ ਪੋਰਟਲ 'ਤੇ ਦੇ ਸਕਦੇ ਹਨ। ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈੱਬਸਾਈਟ ਜਾਂ ਆਪਣੇ ਜ਼ਿਲ੍ਹੇ ਦੇ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਿਸਾਨ ਕਾਲ ਸੈਂਟਰ ਦੇ ਟੋਲ ਫਰੀ ਨੰਬਰ 1800 180 1551 'ਤੇ ਖੇਤੀਬਾੜੀ ਸਬੰਧੀ ਸਲਾਹ ਲਈ ਜਾ ਸਕਦੀ ਹੈ।