- ਹੜ੍ਹਾਂ ਦੌਰਾਨ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਮਿਸਾਲੀ ਕੰਮ ਕੀਤਾ - ਕੈਬਨਿਟ ਮੰਤਰੀ ਧਾਲੀਵਾਲ
ਗੁਰਦਾਸਪੁਰ, 23 ਅਗਸਤ : ਸੂਬੇ ਦੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਬੀਤੇ ਦਿਨੀਂ ਗੁਰਦਾਸਪੁਰ ਦੇ ਬੇਟ ਇਲਾਕੇ ਵਿੱਚ ਆਏ ਹੜ੍ਹਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਸ. ਧਾਲੀਵਾਲ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਸ ਜਜ਼ਬੇ ਤੇ ਹਿੰਮਤ ਨਾਲ ਕੰਮ ਕੀਤਾ ਹੈ ਉਸ ਨੂੰ ਲੋਕ ਹਮੇਸ਼ਾਂ ਯਾਦ ਰੱਖਣਗੇ। ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਖੁਦ ਹੜ੍ਹ ਪ੍ਰਭਾਵਤ ਇਲਾਕਿਆਂ ਵਿੱਚ ਚੱਲ ਰਹੇ ਰਾਹਤ ਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਸਨ ਅਤੇ ਨਾਲ ਹੀ ਉਨ੍ਹਾਂ ਨੇ ਮੰਤਰੀ ਸਾਹਿਬਾਨ ਦੀਆਂ ਡਿਊਟੀਆਂ ਵੀ ਪ੍ਰਭਾਵਤ ਇਲਾਕਿਆਂ ਵਿੱਚ ਲਗਾਈਆਂ ਹੋਈਆਂ ਸਨ। ਸ. ਧਾਲੀਵਾਲ ਨੇ ਕਿਹਾ ਕਿ ਉਹ ਖੁਦ ਆਪਣੇ ਸਾਥੀ ਮੰਤਰੀਆਂ ਤੇ ਵਿਧਾਇਕਾਂ ਦੇ ਨਾਲ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਤ ਖੇਤਰ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਦੇ ਰਹੇ ਹਨ। ਸ. ਧਾਲੀਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਿਆਸ ਦਰਿਆ ਦੇ ਧੁੱਸੀ ਬੰਨ ਵਿੱਚ ਪਏ 300 ਫੁੱਟ ਪਏ ਪਾੜ ਨੂੰ ਕੇਵਲ 72 ਘੰਟੇ ਦੇ ਰਿਕਾਰਡ ਸਮੇਂ ਅੰਦਰ ਭਰ ਕੇ ਬਹੁਤ ਵੱਡੇ ਇਲਾਕੇ ਦਾ ਨੁਕਸਾਨ ਹੋਣੋ ਬਚਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਬੰਨ ਭਰਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸੰਗਤ ਨੇ ਵੀ ਪੂਰਾ ਸਹਿਯੋਗ ਕੀਤਾ ਹੈ ਜਿਸ ਲਈ ਉਹ ਪੰਜਾਬ ਸਰਕਾਰ ਵੱਲੋਂ ਸਮੂਹ ਸੰਗਤ ਦੇ ਵੀ ਦਿਲੋਂ ਧੰਨਵਾਦੀ ਹਨ। ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਡਰੇਨਜ਼ ਵਿਭਾਗ ਵੱਲੋਂ ਧੁੱਸੀ ਬੰਨ ਦੇ ਪਾੜ ਨੂੰ ਭਰਨ ਲਈ 2.50 ਲੱਖ ਤੋਂ ਵੱਧ ਬੋਰੇ ਮੁਹੱਈਆ ਕਰਵਾਏ ਗਏ। ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਵੱਲੋਂ ਧੁੱਸੀ ਬੰਨ ਦੇ 4 ਪੁਆਇੰਟਾਂ ’ਤੇ 18 ਫਲੱਡ ਲਾਈਟਾਂ ਲਗਾਈਆਂ ਗਈਆਂ ਅਤੇ 4 ਜਨਰੇਟਰ ਸੈੱਟ ਉਪਲੱਬਧ ਕਰਵਾਏ ਗਏ ਤਾਂ ਜੋ ਨਿਰਵਿਗਨ ਬਿਜਲੀ ਸਪਲਾਈ ਨਾਲ ਦਿਨ ਰਾਤ ਕੰਮ ਚੱਲਦਾ ਰਹੇ। ਮੰਡੀ ਬੋਰਡ, ਡਰੇਨਜ਼ ਅਤੇ ਪੁਲਿਸ ਵਿਭਾਗ ਵੱਲੋਂ 1200 ਤੋਂ ਵੱਧ ਮਿੱਟੀ ਦੀਆਂ ਟਰਾਲੀਆਂ ਮੁਹੱਈਆ ਕਰਵਾਈਆਂ ਗਈਆਂ। ਇਸਦੇ ਨਾਲ ਹੀ ਇਹਨਾਂ ਵੱਲੋਂ 700 ਕਰੇਟਸ ਅਤੇ 15 ਜੇ.ਸੀ.ਬੀ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਜੋ ਦਿਨ ਰਾਤ ਪਾੜ ਨੂੰ ਪੂਰਨ ਵਿੱਚ ਲੱਗੀਆਂ ਰਹੀਆਂ। ਸ. ਧਾਲੀਵਾਲ ਨੇ ਅੱਗੇ ਦੱਸਿਆ ਕਿ ਬੰਨ ਦੇ ਪਾੜ ਨੂੰ ਭਰਨ ਵਿੱਚ ਮਗਨਰੇਗਾ ਕਾਮਿਆਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾਂ 700 ਤੋਂ ਵੱਧ ਮਗਨਰੇਗਾ ਕਾਮੇਂ ਪਾੜ ਨੂੰ ਭਰਨ ਵਿੱਚ ਲੱਗੇ ਰਹੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਮੂਹ ਅਧਿਕਾਰੀ ਦਿਨ-ਰਾਤ ਰਾਹਤ ਕਾਰਜਾਂ ਵਿੱਚ ਲੱਗੇ ਰਹੇ ਅਤੇ ਪਾੜ ਨੂੰ ਭਰਨ ਲਈ ਜੋ ਵੀ ਲੋੜ ਸੀ ਸਰਕਾਰ ਵੱਲੋਂ ਉਸਨੂੰ ਪੂਰਾ ਕੀਤਾ ਗਿਆ। ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਧੁੱਸੀ ਬੰਨ ਦੇ ਪਾੜ ਨੂੰ ਭਰਨ ਤੋਂ ਬਾਅਦ ਹੁਣ ਬੰਨ ਦੀ ਮਜ਼ਬੂਤੀ ਅਤੇ ਇਸ ਨੂੰ ਚੌੜਿਆਂ ਕਰਨ ਦਾ ਕੰਮ ਪੰਜਾਬ ਸਰਕਾਰ ਵੱਲੋਂ ਜਾਰੀ ਹੈ। ਉਨ੍ਹਾਂ ਕਿਹਾ ਕਿ ਧੁੱਸੀ ਬੰਨ ਨੂੰ ਪੂਰਾ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਅਜਿਹਾ ਕੁਝ ਨਾ ਵਾਪਰੇ।