- ਭਾਰਤ ਨੂੰ ਕੁਪੋਸ਼ਣ ਮੁਕਤ ਬਣਾਉਣ ਲਈ ਸਮੂਹ ਹਾਜ਼ਰੀਨਾਂ ਨੂੰ ਚੁਕਾਈ ਸਹੁੰ
ਪੱਟੀ, 01 ਸਤੰਬਰ : ਕੈਬਨਿਟ ਮੰਤਰੀ, ਟਰਾਂਸਪੋਰਟ ਤੇ ਪੰਚਾਇਤ ਵਿਭਾਗ, ਪੰਜਾਬ ਸ. ਲਾਲਜੀਤ ਸਿੰਘ ਭੁੱਲਰ, ਅਤੇ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਸੰਦੀਪ ਕੁਮਾਰ ਦੀ ਅਗਵਾਈ ਹੇਠ ਅੱਜ ਮਲਟੀਪਰਪਜ਼ ਸਪੋਰਟਸ ਸਟੇਡੀਅਮ ਪੱਟੀ ਵਿਖੇ “ਖੇਡਾਂ ਵਤਨ ਪੰਜਾਬ ਦੀਆਂ” ਸੀਜ਼ਨ-2 ਦੀ ਸ਼ੁਰੂਆਤ ਦੇ ਨਾਲ ਹੀ ਭਾਰਤ ਨੂੰ ਕੁਪੋਸ਼ਣ ਮੁਕਤ ਬਣਾਉਣ ਲਈ ਪੋਸ਼ਣ ਮਹੀਨੇ ਸਤੰਬਰ ਦਾ ਆਗਾਜ਼ ਸਮੂਹ ਹਾਜ਼ਰੀਨਾਂ ਨੂੰ ਸਹੁੰ ਚੁਕਾ ਕੇ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਪਰਮਜੀਤ ਕੌਰ, ਜਿਲ੍ਹਾ ਪ੍ਰੋਗਰਾਮ ਅਫਸਰ, ਤਰਨ ਤਾਰਨ ਵਲੋਂ ਦੱਸਿਆ ਗਿਆ ਕਿ ਇਸ ਪੋਸ਼ਣ ਮਹੀਨੇ ਦੌਰਾਨ ਸਤੰਬਰ ਦੇ ਪੂਰੇ ਮਹੀਨੇ ਵੱਖ-ਵੱਖ ਗਤੀਵਿਧਿਆਂ ਕੀਤੀਆਂ ਜਾਣਗੀਆ, ਜਿਸ ਵਿੱਚ ਪੋਸ਼ਣ ਸਪਥ, ਅਨੀਮੀਆ ਕੈਂਪ, ਸੁਪੋਸ਼ਨ ਦਿਵਸ, ਅੰਨਾਪ੍ਰਸ਼ਨ ਦਿਵਸ, ਹਾਟ ਬਜਾਰ, ਸਾਇਕਲ ਰੈਲੀ, ਆਂਗਨਵਾੜੀ ਵਰਕਰਾਂ ਵਲੋਂ ਘਰ-ਘਰ ਵਿਜ਼ਿਟ, ਸਕੂਲਾਂ ਵਿੱਚ ਬੱਚਿਆਂ ਨੂੰ ਸਾਫ਼ ਸਫਾਈ ਰੱਖਣ, ਯੂਥ ਮੀਟਿੰਗ, ਨੁਕੜ ਨਾਟਕ, ਘੱਟ ਕੀਮਤ ਵਾਲੀ ਪੋਸ਼ਟਿਕ ਸਬਜੀਆਂ ਬਾਰੇ ਜਾਗਰੂਕ, ਮਾਂ ਦੇ ਦੁੱਧ ਦੀ ਮਹੱਤਵਪੂਰਣਤਾਂ, ਕਿਚਨ ਗਾਰਡਨ, ਪੰਚਾਇਤ ਮੀਟਿੰਗ, ਘਰ- ਘਰ ਪੋਸ਼ਣ ਜਨ ਅੰਦੋਲਨ ਅਤੇ ਹੋਰ ਵੀ ਕਈ ਗਤਿਵਿਧਿਆਂ ਕੀਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਇਹ ਪੋਸ਼ਣ ਅਭਿਆਨ ਪੂਰੇ ਸਤੰਬਰ ਮਹੀਨੇ ਚਲਾਇਆ ਜਾਵੇਗਾ।ਭਾਰਤ ਨੂੰ ਕੁਪੋਸ਼ਣ ਮੁਕਤ ਕਰਨ ਲਈ ਪੋਸ਼ਣ ਮਾਹ ਹਰ ਸਾਲ ਸਤੰਬਰ ਮਹੀਨੇ ਵਿੱਚ ਮਨਾਇਆ ਜਾਂਦਾ ਹੈ, ਜਿਸ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਪੋਸ਼ਣ ਮਹੀਨੇ ਦੌਰਾਨ ਜਿਲ੍ਹੇ ਵਿੱਚ ਚੱਲ ਰਹੀ 1132 ਆਂਗਨਵਾੜੀ ਸੈਂਟਰਾਂ ਤੇ ਪ੍ਰਧਾਨ ਮੰਤਰੀ ਮਾਤਰੂਵੰਦਨਾ ਯੋਜਨਾ ਤਹਿਤ ਕੈਂਪ ਵੀ ਲਗਾਏ ਜਾਣਗੇ, ਜਿਸ ਵਿੱਚ ਗਰਭਵਤੀ ਔਰਤਾਂ ਨੂੰ ਮਿਲਣ ਵਾਲੇ 5000 ਰੁਪਏ ਦੇ ਵਿੱਤੀ ਲਾਭ ਦੇ ਫਾਰਮ ਭਰੇ ਜਾਣਗੇ।ਗਰਭਵਤੀ ਮਹਿਲਾਵਾਂ ਅਤੇ ਕਿਸ਼ੋਰੀਆਂ ਨੂੰ ਆਂਗਨਵਾੜੀ ਸੈਂਟਰਾਂ ਵਿੱਚ ਪੋਸ਼ਟਿਕ ਰਾਸ਼ਨ ਵੀ ਦਿੱਤਾ ਜਾਵੇਗਾ ਆਂਗਨਵਾੜੀ ਸੈਂਟਰਾਂ ਵਿੱਚ ਪੋਸ਼ਣ ਵਾਟਿਕਾ ਲਗਾਈਆਂ ਜਾਣਗੀਆਂ।ਘਰ-ਘਰ ਜਾਕੇ ਨਵਜੰਮੇ ਬੱਚੇ ਲਈ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਔਰਤਾਂ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।