- ਤਿੰਨ ਕਿਸਾਨਾਂ ਦੀ ਕਿਸਾਨ ਵੈਲਫੇਅਰ ਫੰਡ ਵਿਚੋਂ ਕੀਤੀ ਮਾਲੀ ਇਮਦਾਦ
ਗੁਰਦਾਸਪੁਰ, 23 ਅਗਸਤ : ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੇ ਨਿਰਦੇਸ਼ਾਂ ਤਹਿਤ ਸਹਿਕਾਰੀ ਖੰਡ ਮਿਲ ਗੁਰਦਾਸਪੁਰ ਦੇ ਬੋਰਡ ਆਫ ਡਾਇਰੈਕਟਰ ਸ੍ਰੀ ਵਰਿੰਦਰ ਸਿੰਘ, ਜਨਰਲ ਮੈਨੇਜਰ ਸ੍ਰੀ ਸਰਬਜੀਤ ਸਿੰਘ ਹੁੰਦਲ ਅਤੇ ਸ੍ਰੀ ਅਮਰਜੀਤ ਸਿੰਘ ਸਹਾਇਕ ਗੰਨਾ ਵਿਕਾਸ ਅਫ਼ਸਰ, ਸ੍ਰੀ ਸੰਦੀਪ ਸਿੰਘ ਇੰਜੀਨੀਅਰ-ਕਮ-ਪ੍ਰਚੇਜ ਅਫ਼ਸਰ, ਸ੍ਰੀ ਰਾਜ ਕਮਲ ਸੀ.ਸੀ.ਡੀ.ਓ. ਅਤੇ ਮਿੱਤਰਮਾਨ ਸਿੰਘ ਏ.ਡੀ.ਓ. ਵੱਲੋਂ ਗੰਨਾਂ ਕਾਸ਼ਤਕਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ। ਇਸ ਮੌਕੇ 3 ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਪਿੜਾਈ ਸੀਜ਼ਨ 2022-23 ਦੌਰਾਨ ਮਿੱਲ ਵਿੱਚ ਗੰਨਾ ਲਿਜਾਂਦੇ ਸਮੇਂ ਸਾਡੀ ਟਰਾਲੀ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਵਿੱਚ ਟਰੈਕਟਰ ਟਰਾਲੀ ਨੁਕਸਾਨੇ ਗਏ ਸਨ। ਇਨ੍ਹਾਂ ਕਿਸਾਨਾਂ ਵੱਲੋਂ ਹੋਏ ਨੁਕਸਾਨ ਦੀ ਰਿਪੇਅਰ ਲਈ ਕਿਸਾਨ ਵੈਲਫੇਅਰ ਫੰਡ ਵਿਚੋਂ ਮਦਦ ਕਰਨ ਲਈ ਅਰਜ਼ੀਅਆਂ ਵੀ ਦਿੱਤੀਆਂ ਗਈਆਂ ਸਨ ਪਰ ਉਨ੍ਹਾਂ ਨੂੰ ਮਾਲੀ ਇਮਦਾਦ ਨਹੀਂ ਮਿਲੀ। ਇਸ ਸ਼ਿਕਾਇਤ ਨੂੰ ਸੁਣਨ ਤੋਂ ਬਾਅਦ ਜਨਰਲ ਮੈਨੇਜਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇਨ੍ਹਾਂ ਦਰਖਾਸਤਾਂ `ਤੇ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਗੰਨਾ ਕਾਸ਼ਤਕਾਰਾਂ ਜਿਨ੍ਹਾਂ ਵਿੱਚ ਸੁਖਦੇਵ ਸਿੰਘ ਬਲੱਗਣ, ਬਲਬੀਰ ਸਿੰਘ ਤਲਵੰਡੀ ਅਤੇ ਜੀਵਨ ਸਿੰਘ ਢੋਲੋਵਾਲ ਸ਼ਾਮਲ ਸਨ ਨੂੰ ਕਿਸਾਨ ਵੈਲਫੇਅਰ ਫੰਡ ਵਿਚੋਂ ਮੌਕੇ `ਤੇ ਮਾਲੀ ਇਮਦਾਦ ਦੇ ਚੈੱਕ ਜਾਰੀ ਕੀਤੇ ਗਏ। ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਗੰਨਾ ਕਾਸ਼ਤਕਾਰਾਂ ਨਾਲ ਹਫ਼ਤੇ ਦੇ ਹਰ ਸੋਮਵਾਰ ਮੀਟਿੰਗ ਕੀਤੀ ਜਾਂਦੀ ਹੈ, ਇਸ ਲਈ ਜੇਕਰ ਕਿਸੇ ਕਿਸਾਨ ਨੂੰ ਮਿੱਲ ਨਾਲ ਸਬੰਧਤ ਕੋਈ ਮੁਸ਼ਕਿਲ ਹੈ ਤਾਂ ਉਹ ਸੋਮਵਾਰ ਨੂੰ ਮੀਟਿੰਗ ਵਿੱਚ ਸ਼ਾਮਲ ਹੋ ਕੇ ਆਪਣੀ ਮੁਸ਼ਕਿਲ ਦਾ ਹੱਲ ਕਰਵਾ ਸਕਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਹਿਕਾਰੀ ਖੰਡ ਮਿੱਲ ਪਨਿਆੜ (ਗੁਰਦਾਸਪੁਰ) ਦੀ ਸਮਰੱਥਾ 2000 ਟੀ.ਸੀ,ਡੀ. ਤੋਂ ਵਧਾ ਕੇ 5000 ਟੀ.ਸੀ.ਡੀ. ਕਰਨ ਲਈ ਨਵਾਂ ਪਲਾਂਟ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਨਵਾਂ ਪਲਾਂਟ ਅਗਲੇ ਪਿੜਾਈ ਸੀਜ਼ਨ ਦੌਰਾਨ ਚਲਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।