ਤਰਨ ਤਾਰਨ, 12 ਜੁਲਾਈ : ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਵਿੱਚ ਸਰਸਰੀ ਸੁਧਾਈ ਸਬੰਧੀ ਯੋਗਤਾ ਮਿਤੀ 01 ਜਨਵਰੀ, 2024 ਦਾ ਪੋ੍ਰਗਰਾਮ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਬਲਦੀਪ ਕੌਰ ਨੇ ਦੱਸਿਆ ਕਿ ਇਸ ਅਨੁਸਾਰ ਸੁਧਾਈ ਤੋਂ ਪਹਿਲਾਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੌਰਾਨ ਬੀ.ਐਲ.ਓਜ. ਵੱਲੋ ਘਰ-ਘਰ ਜਾ ਕੇ ਮਿਤੀ 21 ਜੁਲਾਈ, 2023 ਤੋਂ ਮਿਤੀ 21 ਅਗਸਤ, 2023 ਤੱਕ ਵੈਰੀਫਿਕੇਸ਼ਨ ਕੀਤੀ ਜਾਵੇਗੀ, ਜਿਸ ਦੇ ਅਧਾਰ ‘ਤੇ ਫੋਟੋ ਵੋਟਰ ਸੂਚੀ ਦੀ ਸੁਧਾਈ ਕੀਤੀ ਜਾਵੇਗੀ। ਜਿ਼ਲ੍ਹਾ ਚੋਣ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਜਿ਼ਲ੍ਹੇ ਵਿੱਚ ਨੌਜਵਾਨ ਵੋਟਰਾਂ ਦੀ ਗਿਣਤੀ ਕਾਫੀ ਘੱਟ ਹੈ, ਜਿਸ ਲਈ ਜਿ਼ਲ੍ਹੇ ਪੱਧਰ ਤੇ ਸਵੀਪ ਗਤੀਵਿਧੀਆਂ ਅਧੀਨ ਵਿਸ਼ੇਸ ਉਪਰਾਲੇ ਕੀਤੇ ਜਾਣਗੇ ਤਾਂ ਜੋ ਆਮ ਜਨਤਾ ਨੂੰ ਵੋਟ ਪਾਉਣ ਦੇ ਹੱਕ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰਡ ਕੀਤਾ ਜਾ ਸਕੇ। ਉਹਨਾਂ ਵੱਲੋ ਇਹ ਵੀ ਦੱਸਿਆ ਗਿਆ ਕਿ ਇਸ ਮੁਹਿੰਮ ਦੌਰਾਨ ਪੋਲਿੰਗ ਸਟੇਸ਼ਨਾਂ ‘ਤੇ ਅਜਿਹੇ ਵੋਟਰਾਂ ਦੀ ਪਛਾਣ ਕੀਤੀ ਜਾਵੇਗੀ ਜੋ ਕਿ ਜਾਂ ਤਾਂ ਮਰ ਚੁੱਕੇ ਹਨ ਜਾਂ ਪੱਕੇ ਤੌਰ ਤੇ ਰਿਹਾਇਸ਼ ਬਦਲ ਚੁੱਕੇ ਹਨ ਪਰ ਉਹਨਾਂ ਦੀ ਵੋਟ ਅਜੇ ਵੀ ਬਣੀ ਹੋਈ ਹੈ ।ਅਜਿਹੇ ਵੋਟਰਾਂ ਨੂੰ ਨੋਟਿਸ ਦੇਣ ਤੋਂ ਬਾਅਦ ਉਹਨਾਂ ਦੀ ਵੋਟ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੱਟ ਦਿੱਤੀ ਜਾਵੇਗੀ। ਉਹਨਾਂ ਵੱਲੋ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਉਹ ਫਾਰਮ ਨੰਬਰ 6ਬੀ ਭਰਕੇ ਆਪਣਾ ਅਧਾਰ ਕਾਰਡ ਵੋਟਰ ਕਾਰਡ ਨਾਲ ਲਿੰਕ ਕਰਨ ਤਾਂ ਜੋ ਫੋਟੋ ਵੋਟਰ ਸੂਚੀ ਦੀ ਦਰੁੱਸਤੀ ਹੋ ਸਕੇ।ਜਿ਼ਲ੍ਹਾ ਚੋਣ ਅਫ਼ਸਰ ਵੱਲੋ ਦੱਸਿਆ ਗਿਆ ਕਿ ਪੋਲਿੰਗ ਸਟੇ਼ਸਨ ਦੀ ਰੈਸ਼ਨਲਾਈਜੇਸਨ ਮਿਤੀ 20 ਅਗਸਤ, 2023 ਤੋਂ ਮਿਤੀ 20 ਸਤੰਬਰ, 2023 ਤੱਕ ਕੀਤੀ ਜਾਵੇਗੀ, ਜਿਸ ਅਨੁਸਾਰ ਅਗਰ ਕੋਈ ਵੋਟਰਾਂ ਦਾ ਸਮੂਹ ਨਵਾਂ ਸੈਕਸ਼ਨ ਜਾਂ ਫਿਰ ਨਵਾਂ ਪੋਲਿੰਗ ਸਟੇਸ਼ਨ ਬਣਵਾਉਣਾ ਚਾਹੁੰਦਾ ਹੈ ਤਾਂ ਉਹ ਆਪਣੀ ਦਰਖਾਸਤ ਜਿ਼ਲ੍ਹਾ ਚੋਣ ਅਫ਼ਸਰ ਨੂੰ ਭੇਜ਼ ਸਕਦਾ ਹੈ। ਉਹਨਾਂ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਰਿਕਾਰਡ ਵਾਚਣ ਅਤੇ ਜੇਕਰ ਕੋਈ ਸੁਧਾਈ ਕਰਵਾਉਣੀ ਹੈ ਤਾਂ ਬੂਥ ਲੈਵਲ ਅਫ਼ਸਰ ਨਾਲ ਸੰਪਰਕ ਕਰਨ।ਉਹਨਾਂ ਅਪੀਲ ਕੀਤੀ ਕਿ ਬੀ. ਐਲ. ਓਜ਼. ਨੂੰ ਨਵੀਆਂ ਵੋਟਾਂ ਬਣਾਉਣ, ਗਲਤ ਵੋਟਾਂ ਕਟਵਾਉਣ, ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਵਿੱਚ ਜ਼ਿਲ੍ਹਾ ਨਿਵਾਸੀਆਂ ਵੱਲੋ ਸਹਿਯੋਗ ਦਿੱਤਾ ਜਾਵੇ ।