- ਪ੍ਰਦੂਸ਼ਣ ਘੱਟ ਹੋਣ ਨਾਲ ਸਿਹਤ ਸਬੰਧੀ ਸਮੱਸਿਆਵਾਂ ਘੱਟਣਗੀਆਂ- ਡਾਕਟਰ ਆਸ਼ੀਸ਼ ਗੁਪਤਾ
- ਨਰੋਈ ਸੋਚ ਪੈਦਾ ਕਰਨ ਲਈ ਸਿਹਤ ਕਰਮੀ ਵੀ ਸਹਿਯੋਗ ਦੇਣ- ਡਾ. ਭੁਪਿੰਦਰ ਸਿੰਘ ਏਓ
ਪੱਟੀ, (ਤਰਨ ਤਾਰਨ), 11 ਅਕਤੂਬਰ 2024 : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਮਵੀਰ ਸਿੰਘ ਆਈ ਏ ਐਸ ਅਤੇ ਮੁੱਖ ਖੇਤੀਬਾੜੀ ਅਫਸਰ ਤਰਨ ਤਰਨ ਡਾ ਹਰਪਾਲ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੂਚਨਾ, ਸਿੱਖਿਆ ਅਤੇ ਪ੍ਰਸਾਰ ਗਤੀਵਿਧੀਆਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਪੱਟੀ ਦੇ ਅਧਿਕਾਰੀਆਂ ਨੇ ਸਿਵਲ ਹਸਪਤਾਲ ਪੱਟੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ 11 ਅਕਤੂਬਰ ਨੂੰ ਮਨਾਏ ਜਾਂਦੇ ਅੰਤਰਰਾਸ਼ਟਰੀ ਬਾਲੜੀ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਾਉਂਦਿਆਂ ਲੜਕੀਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨ ਬਾਰੇ ਦੱਸਿਆ ਉਥੇ ਪਰਾਲੀ ਸਾੜਨ ਦੇ ਕੁਪ੍ਰਭਾਵ ਅਤੇ ਇਸ ਦੀ ਸੁਚੱਜੀ ਸਾਂਭ-ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਐਸ ਐਮ ਓ, ਪੱਟੀ ਡਾਕਟਰ ਆਸ਼ੀਸ਼ ਗੁਪਤਾ, ਬਲਾਕ ਖੇਤੀਬਾੜੀ ਅਫਸਰ ਪੱਟੀ ਡਾ ਭੁਪਿੰਦਰ ਸਿੰਘ, ਡਾ: ਗੁਰਬਰਿੰਦਰ ਸਿੰਘ ਏਡੀਓ ਨੇ ਸਿਹਤ ਕਰਮੀਆਂ ਨੂੰ ਜਾਣਕਾਰੀ ਦਿੱਤੀ ਕਿ ਪਰਾਲੀ ਨੂੰ ਸਾੜਨ ਨਾਲ ਪੈਦਾ ਹੁੰਦੀਆਂ ਜ਼ਹਿਰੀਲੀਆਂ ਗੈਸਾਂ ਸਾਹ ਦੀਆਂ ਬਿਮਾਰੀਆਂ ਵਿੱਚ ਵਾਧਾ ਕਰਦੀਆਂ ਹਨ। ਜਿਸ ਨਾਲ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਦਾ ਵੱਡਾ ਨੁਕਸਾਨ ਹੁੰਦਾ ਹੈ। ਫਸਲਾਂ ਦੀ ਰਹਿੰਦ ਖੂੰਹਦ ਨੂੰ ਲਾਏ ਲਾਂਬੂ ਕਈ ਵਾਰ ਸੜਕੀ ਦੁਰਘਟਨਾਵਾਂ ਦਾ ਵੀ ਕਾਰਨ ਬਣਦੇ ਹਨ। ਨਾਲ ਦੀ ਨਾਲ ਲਗਾਏ ਲਾਂਬੂ ਜਮੀਨ ਦੀ ਉਪਜਾਊ ਸ਼ਕਤੀ ਵੀ ਘਟਾ ਦਿੰਦੇ। ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਸਮਾਜ ਵਿਚ ਇਕ ਨਰੋਈ ਸੋਚ ਪੈਦਾ ਕੀਤੀ ਜਾਵੇ ਜਿਸ ਨਾਲ ਸਾਡੀ ਧਰਤੀ ਅਤੇ ਮਨੁੱਖੀ ਸਿਹਤ ਤੰਦਰੁਸਤ ਰਹਿ ਸਕੇ। ਉਹਨਾਂ ਜਾਣਕਾਰੀ ਦਿੱਤੀ ਕਿ ਪਰਾਲੀ ਪ੍ਰਬੰਧਨ ਲਈ ਸਰਕਾਰ ਵੱਲੋਂ ਸਮੇਂ ਸਮੇਂ ਤੇ ਕਿਸਾਨਾਂ ਨੂੰ ਸਬਸਿਡੀ ਤੇ ਮਸ਼ੀਨਰੀ ਵੀ ਮੁਹੱਈਆ ਕਰਾਈ ਜਾ ਰਹੀ ਹੈ। ਜਿਸ ਨੂੰ ਕਿਸਾਨ ਖੁਦ ਖਰੀਦ ਕੇ ਜਾਂ ਕਿਰਾਏ ਤੇ ਲਿਆ ਕੇ ਉਪਯੋਗ ਵਿੱਚ ਲਿਆ ਸਕਦੇ ਹਨ। ਉਹਨਾਂ ਕਿਹਾ ਕਿ ਜਿੱਥੇ ਵੱਖ ਵੱਖ ਵਿਭਾਗ ਅਤੇ ਸਮਾਜ ਸੇਵੀ ਜਥੇਬੰਦੀਆਂ ਇਸ ਕਾਰਜ ਨੂੰ ਨੇਪਰੇ ਚਾੜਨ ਲਈ ਹਰ ਸੰਭਵ ਯਤਨ ਕਰ ਰਹੀਆਂ ਹਨ ਉੱਥੇ ਸਿਹਤ ਕਰਮੀ ਵੀ ਬਣਦਾ ਯੋਗਦਾਨ ਪਾਉਣ ਕਿਉਂਕਿ ਸਮਾਜ ਵਿੱਚ ਉਹਨਾਂ ਦਾ ਵਧੀਆ ਪ੍ਰਭਾਵ ਹੁੰਦਾ ਹੈ। ਸੈਸ਼ਨ ਦੌਰਾਨ ਮੈਡਮ ਪ੍ਰਦੀਪ ਕੌਰ ,ਰੁਪਿੰਦਰ ਕੌਰ, ਜੋਰਾਵਰ ਸਿੰਘ ਐਸ ਆਈ, ਪਰਮਜੀਤ ਸਿੰਘ ਬੀ ਈ ਈ , ਮਨਜੀਤ ਕੌਰ, ਜਸਬੀਰ ਕੌਰ,ਖੇਤੀ ਉਪ ਨਿਰੀਖਕ ਨਿਸ਼ਾਨ ਸਿੰਘ, ਗੁਰ ਸਿਮਰਨ ਸਿੰਘ, ਫੀਲਡ ਵਰਕਰ ਗੁਰਲਾਲ ਸਿੰਘ, ਬਲਜੀਤ ਕੌਰ ਅਤੇ ਹਾਜਰੀਨ ਆਸ਼ਾ ਵਰਕਰ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।