
ਅੰਮ੍ਰਿਤਸਰ, 14 ਫਰਵਰੀ 2025 : ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਡਿਪੋਰਟੇਸ਼ਨ ਦੀ ਕੀਤੀ ਜਾ ਰਹੀ ਕਾਰਵਾਈ ਤੋਂ ਬਾਅਦ ਭਲਕੇ ਸ਼ਨੀਵਾਰ ਨੂੰ ਦੂਜਾ ਏਅਰਕ੍ਰਾਫਟ ਕਰੀਬ 119 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇਗਾ। ਇਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਨੌਜਵਾਨ ਹਨ। ਇਸ ਗਰੁੱਪ ਵਿੱਚ ਕੁੱਲ 67 ਪੰਜਾਬੀ ਨੌਜਵਾਨ ਸ਼ਾਮਲ ਹਨ। ਅੰਦਾਜ਼ਾ ਹੈ ਕਿ ਉਕਤ ਜਹਾਜ਼ ਕੱਲ੍ਹ ਯਾਨੀ ਸ਼ਨੀਵਾਰ ਸਵੇਰੇ 10 ਤੋਂ 11 ਵਜੇ ਦੇ ਕਰੀਬ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਡਿਪੋਰਟ ਕੀਤੇ ਗਏ ਭਾਰਤੀਆਂ ਵਿਚ 67 ਪੰਜਾਬੀ, 33 ਹਰਿਆਣਵੀ, 8 ਗੁਜਰਾਤੀ, 3 ਉੱਤਰ ਪ੍ਰਦੇਸ਼, 2 ਮਹਾਰਾਸ਼ਟਰ, 2 ਰਾਜਸਥਾਨ, 2 ਯਾਤਰੀ ਗੋਆ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਇਕ-ਇਕ ਯਾਤਰੀ ਸ਼ਾਮਲ ਹੈ। ਫਿਲਹਾਲ ਇਸ ਸਬੰਧੀ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਵੱਲੋਂ ਕੋਈ ਬਿਆਨ ਜਾਂ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 5 ਫਰਵਰੀ ਨੂੰ ਸੀ-17 ਜਹਾਜ਼ 104 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਉਤਰਿਆ ਸੀ, ਜਿਨ੍ਹਾਂ ਨੂੰ ਉਥੋਂ ਵ੍ਹਾਈਟ ਪਾਸਪੋਰਟ ਰਾਹੀਂ ਭਾਰਤ ਭੇਜਿਆ ਗਿਆ ਸੀ। ਹਾਲਾਂਕਿ ਇਸ ਵਾਰ ਚਰਚਾ ਇਹ ਹੈ ਕਿ ਜਹਾਜ਼ ਭਾਰਤੀ ਹੈ, ਜਿਸ ਵਿਚ ਉਕਤ ਵਿਅਕਤੀਆਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਫਿਲਹਾਲ ਇਸ ਸਬੰਧੀ ਸਰਕਾਰੀ ਪੱਧਰ ‘ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।