ਅੰਮ੍ਰਿਤਸਰ 6 ਅਗਸਤ 2024 : ਸੂਬੇ ਅੰਦਰ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਨੂੰ ਘਟਾਉਣ ਅਤੇ ਕੁਦਰਤੀ ਖੇਤੀ ਦੀਆਂ ਸੰਭਾਵਨਾਵਾਂ ਜਾਣਨ ਲਈ ਖੇਤੀਬਾੜੀ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕੁਦਰਤੀ ਖੇਤੀ ਫਾਰਮ ਧੀਰੇਕੋਟ ਜਿਲ੍ਹਾ ਅੰਮ੍ਰਿਤਸਰ ਦਾ ਦੌਰਾ ਕੀਤਾ। ਉਹਨਾਂ ਨੇ ਫਾਰਮ ਤੇ 32 ਏਕੜ ਰਕਬੇ ਵਿੱਚ ਆਰਗੈਨਿਕ ਵਿਧੀ ਨਾਲ ਬੀਜੀਆਂ ਵੱਖ-ਵੱਖ ਫਸਲਾਂ ਕਮਾਦ, ਹਲਦੀ, ਬਾਸਮਤੀ, ਸਬਜੀਆਂ, ਦਾਲਾਂ, ਫਲਦਾਰ ਰੁੱਖਾਂ ਦਾ ਮੁਆਇਨਾਂ ਕੀਤਾ। ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਸ. ਤਜਿੰਦਰ ਸਿੰਘ ਅਤੇ ਫਾਰਮ ਇੰਚਾਰਜ ਸ. ਰਾਜਬੀਰ ਸਿੰਘ ਨੇ ਫਸਲਾਂ ਵਿਚ ਆਰਗੈਨਿਕ ਵਿਧੀਆਂ ਰਾਹੀਂ ਤੱਤਾਂ ਦੀ ਪੂਰਤੀ, ਕੀੜੇ-ਮਕੌੜੇ ਅਤੇ ਬੀਮਾਰੀਆਂ ਦੀ ਰੋਕਥਾਮ ਸਬੰਧੀ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਇਸ ਫਾਰਮ ਤੇ ਸਾਰੀਆਂ ਫਸਲਾਂ ਬਿਨਾਂ ਕਿਸੇ ਰਸਾਇਣ ਦੀ ਵਰਤੋਂ ਕਰਕੇ ਪੈਦਾ ਕੀਤੀਆ ਜਾਂਦੀਆ ਹਨ ਅਤੇ ਪ੍ਰੋਸੈਸਿੰਗ ਕੀਤੀ ਜਾਂਦੀ ਹੈ। ਇਸ ਮੌਕੇ ਵਿਸ਼ਾ ਵਸਤੂ ਮਾਹਿਰ ਜੋਗਰਾਜਬੀਰ ਸਿੰਘ ਗਿੱਲ, ਰਮਨ ਕੁਮਾਰ, ਖੇਤੀਬਾੜੀ ਅਫਸਰ ਭੁਪਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਲਵਪ੍ਰੀਤ ਸਿੰਘ, ਸੁਖਰਾਜ ਸਿੰਘ ਸਿੱਧੂ, ਖੇਤੀਬਾੜੀ ਵਿਸਥਾਰ ਅਫਸਰ ਬਲਜਿੰਦਰ ਸਿੰਘ, ਹਰਕੀਰਤ ਸਿੰਘ, ਉਪਕਾਰ ਸਿੰਘ ਆਦਿ ਹਾਜਰ ਸਨ।