- ਕਿਸਾਨ ਤੋਂ ਬਿਨਾਂ ਕੋਈ ਪੈਸੇ ਲੈ ਚੁੱਕੀ ਜਾ ਰਹੀ ਹੈ ਪਰਾਲੀ
ਅੰਮ੍ਰਿਤਸਰ, 7 ਸਤੰਬਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਦੇ ਦਿਸ਼ਾ ਨਿਰਦੇਸ਼ ਅਤੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਦੀ ਯੋਗ ਅਗਵਾਈ ਹੇਠ ਇਸ ਵਾਰ ਖੇਤੀਬਾੜੀ ਵਿਭਾਗ ਨੇ ਪਰਾਲੀ ਨੂੰ ਅੱਗ ਲਗਾਉਣ ਤੋਂ ਬਿਨਾਂ ਸਾਂਭਣ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ ਅਤੇ ਇਸ ਕੰਮ ਲਈ ਬੇਲਰਾਂ ਦੀ ਵੱਡੀ ਭੂਮਿਕਾ ਰਹੇਗੀ। ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ. ਜਤਿੰਦਰ ਸਿੰਘ ਗਿੱਲ ਵੱਲੋ ਅੱਜ ਬਲਾਕ ਤਰਸਿੱਕਾ ਦੇ ਪਿੰਡ ਮਾਲੋਵਾਲ ਵਿਖੇ ਚਾਲੂ ਸੀਜ਼ਨ ਦੌਰਾਨ ਕਿਸਾਨ ਚਰਨਜੀਤ ਸਿੰਘ ਅਤੇ ਗੁਰਨਾਮ ਸਿੰਘ ਮਾਲੋਵਾਲ ਦੇ ਖੇਤਾਂ ਵਿਚ ਬੇਲਰ ਨਾਲ ਪਰਾਲੀ ਦੀਆਂ ਗੱਠਾਂ ਬਨਾਉਣ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨਾ ਸਮੂਹ ਕਿਸਾਨ ਵੀਰਾ ਨੂੰ ਅਪੀਲ਼ ਕੀਤੀ ਕਿ ਕਿਸਾਨ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਤੋ ਗੁਰੇਜ਼ ਕਰਨ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ, ਜੋ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਜਰੂਰੀ ਹੈ। ਉਹਨਾ ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਤਰਸਿੱਕਾ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਹਨਾ ਵੱਲੋ ਵੱਖ ਵੱਖ ਪਿੰਡਾ ਵਿਚ ਮੀਟਿੰਗਾ ਕਰ ਕੇ ਕਿਸਾਨਾਂ ਨੂੰ ਗੱਠਾ ਬਨਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਗੱਠਾ ਬਨਾਉਣ ਵਾਲੇ ਬੇਲਰ ਮਾਲਕ ਹਰਮਨਦੀਪ ਗਿੱਲ ਨਾਲ ਕਿਸਾਨਾਂ ਦਾ ਰਾਬਤਾ ਕਰਵਾਇਆ ਗਿਆ। ਬੇਲਰ ਮਾਲਕ ਹਰਮਨਦੀਪ ਸਿੰਘ ਨੇ ਕਿਹਾ ਕਿ ਇਹ ਬੇਲਰ ਸਿਰਫ ਦਸ ਪੰਦਰਾਂ ਮਿੰਟਾ ਵਿਚ ਇਕ ਏਕੜ ਖੇਤ ਦੀ ਪਰਾਲੀ ਦੀਆਂ ਗੱਠਾਂ ਬਣਾ ਦਿੰਦਾ ਹੈ ਅਤੇ ਇਕ ਬੇਲ ਦਾ ਵਜ਼ਨ ਲਗਭਗ 5 ਕੁਵਿੰਟਲ ਹੈ। ਇਹ ਇਸ ਏਰੀਏ ਵਿਚ ਚੱਲ ਰਿਹਾ ਸਭ ਤੋ ਵੱਡਾ ਬੇਲਰ ਹੈ ਅਤੇ ਕਿਸਾਨ ਦਾ ਖੇਤ ਤਿੰਨ ਚਾਰ ਘੰਟੇ ਦੇ ਅੰਦਰ ਵਿਹਲਾ ਕਰ ਦਿਤਾ ਜਾਂਦਾ ਹੈ ਅਤੇ ਇਸ ਸਾਰੇ ਕੰਮ ਦਾ ਕੋਈ ਵੀ ਖਰਚਾ ਕਿਸਾਨ ਤੋ ਨਹੀ ਲਿਆ ਜਾਂਦਾ। ਉਨਾਂ ਕਿਹਾ ਕਿ ਜੇਕਰ ਕੋਈ ਵੀ ਕਿਸਾਨ ਖੇਤਾ ਵਿਚੋ ਪਰਾਲੀ ਦੀਆਂ ਬੇਲਾ ਬਣਾਉਣਾ ਚਾਹੁੰਦਾ ਹੈ ਤਾਂ ਉਹ ਸਾਡੇ ਨਾਲ 7973633123 ਫੋਨ ਨੰਬਰ ਤੇ ਸੰਪਰਕ ਕਰ ਸਕਦਾ ਹੈ । ਇਸ ਮੌਕੇ ਖੇਤੀਬਾੜੀ ਅਫਸਰ ਡਾ.ਤਜਿੰਦਰ ਸਿੰਘ ਡਾ.ਰਮਨ ਕੁਮਾਰ, ਖੇਤੀਬਾੜੀ ਵਿਕਾਸ ਅਫਸਰ ਤਰਸਿੱਕਾ ਡਾ. ਸਤਵਿੰਦਰਬੀਰ ਸਿੰਘ, ਕਿਸਾਨ ਚਰਨਜੀਤ ਸਿੰਘ ਮਾਲੋਵਾਲ, ਗੁਰਨਾਮ ਸਿੰਘ ਮਾਲੋਵਾਲ , ਸੁਖਦੀਪ ਸਿੰਘ ਤਲਵੰਡੀ ਅਤੇ ਹੋਰ ਕਿਸਾਨ ਹਾਜ਼ਰ ਸਨ।