ਗੁਰਦਾਸਪੁਰ, 6 ਸਤੰਬਰ : ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਅਤੇ ਵੋਟਰ ਸੂਚੀ ਦੀ ਸੁਧਾਈ-2024 ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਤਹਿਸੀਲਦਾਰ ਗੁਰਦਾਸਪੁਰ ਸ੍ਰੀਮਤੀ ਰਾਜਵਿੰਦਰ ਕੌਰ ਅਤੇ ਚੋਣ ਤਹਿਸੀਲਦਾਰ ਸ. ਮਨਜਿੰਦਰ ਸਿੰਘ ਬਾਜਵਾ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ 7 ਵਿਧਾਨ ਸਭਾ ਚੋਣ ਹਲਕਿਆਂ ਵਿਚ ਕੁੱਲ 1553 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਕ ਪੋਲਿੰਗ ਸਟੇਸ਼ਨ ਵਿਚ ਵੋਟਰਾਂ ਦੀ ਗਿਣਤੀ ਵੱਧ ਤੋਂ ਵੱਧ 1500 ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕਿਸੇ ਵੀ ਪੋਲਿੰਗ ਬੂਥ ਦੀ ਗਿਣਤੀ 1500 ਤੋਂ ਵੱਧ ਨਾ ਹੋਣ ਕਾਰਨ ਕੋਈ ਵੀ ਨਵਾਂ ਬੂਥ ਬਣਾਉਣ ਦਾ ਪ੍ਰਸਤਾਵ ਨਹੀਂ ਹੈ। ਜ਼ਿਲ੍ਹੇ ਦੇ ਸਮੂਹ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ ਸਬੰਧਤ ਚੋਣ ਵਿਧਾਨ ਸਭਾ ਹਲਕੇ ਦੇ ਰਾਜਨੀਤਿਕ ਦਲਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਉਪਰੰਤ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ ਪੋਲਿੰਗ ਸਟੇਸ਼ਨਾਂ, ਇਮਾਰਤਾਂ ਦੇ ਬਦਲਾਅ, ਨਵਾਂ ਮੁਹੱਲਾ (ਸੈਕਸ਼ਨ) ਸਬੰਧੀ ਪ੍ਰਸਤਾਵ ਭੇਜੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 6 ਕਾਦੀਆਂ ਵਿੱਚ ਪੋਲਿੰਗ ਸਟੇਸ਼ਨ 35-ਮਾਡਲ ਹਾਈ ਸਕੂਲ ਧਾਰੀਵਾਲ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਮੋਨੀ ਮੰਦਰ ਧਾਰੀ, 81-ਸਰਕਾਰੀ ਪ੍ਰਾਇਮਰੀ ਸਕੂਲ ਛੀਨਾ ਰੇਤਵਾਲਾ ਤੋਂ ਸਰਕਾਰੀ ਮਿਡਲ ਸਕੂਲ ਛੀਨਾ ਰੇਤਵਾਲਾ ਅਤੇ 107-ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਗਰਲਜ਼ ਸੈਦੋਵਾਲ ਖੁਰਦ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਕਾਣਿਆ ਵਿਖੇ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੋਲਿੰਗ ਸਟੇਸ਼ਨ ਨੰਬਰ 41-42 ਐੱਸ.ਐੱਸ. ਮਿਸ਼ਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਧਾਰੀਵਾਲ ਦਾ ਨਾਮਕਰਨ ਐੱਮ.ਐੱਮ. ਮਿਸ਼ਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਧਾਰੀਵਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ 172-ਸਰਕਾਰੀ ਪ੍ਰਾਇਮਰੀ ਸਕੂਲ ਕੂੰਟ ਦੇ ਸੈਕਸ਼ਨ ਨੰਬਰ 1 ਅਤੇ ਸੈਕਸ਼ਨ ਨੰਬਰ 2 ਦੇ ਨਾਮ ਦਰੁੱਸਤ ਕੀਤੇ ਗਏ ਹਨ।ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਚੋਣ ਹਲਕਾ 8 ਸ੍ਰੀ ਹਰਗੋਬਿੰਦਪੁਰ (ਅ.ਜ.) ਦੇ ਪੋਲਿੰਗ ਸਟੇਸ਼ਨ ਨੰਬਰ 138 ਵਿੱਚ ਪੱਤੀ ਵਾੜੇਕੇ ਦੀਆਂ ਵੋਟਾਂ ਵੱਖ ਕਰਕੇ ਉਸੇ ਪੋਲਿੰਗ ਸਟੇਸ਼ਨ ਵਿੱਚ ਨਵਾਂ ਸੈਕਸ਼ਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਪੋਲਿੰਗ ਸਟੇਸ਼ਨਾਂ, ਇਮਾਰਤਾਂ ਦੇ ਬਦਲਾਅ, ਨਵਾਂ ਮੁਹੱਲਾ (ਸੈਕਸ਼ਨ) ਸਬੰਧੀ ਜੇਕਰ ਕਿਸੇ ਰਾਜਨੀਤਿਕ ਦਲ ਦਾ ਸੁਝਾਅ ਹੈ ਤਾਂ ਉਹ 8 ਸਤੰਬਰ 2023 ਤੱਕ ਜ਼ਿਲ੍ਹਾ ਚੋਣ ਅਫ਼ਸਰ ਨੂੰ ਭੇਜ ਦੇਣ। ਇਸ ਤੋਂ ਬਾਅਦ ਆਏ ਸੁਝਾਵਾਂ ਉੱਪਰ ਵਿਚਾਰ ਨਹੀਂ ਕੀਤਾ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਸੂਚੀਆਂ ਦੇ ਚੱਲ ਰਹੇ ਸੁਧਾਈ ਪ੍ਰੋਗਰਾਮ ਵਿੱਚ ਆਪਣਾ ਸਹਿਯੋਗ ਕਰਨ ਅਤੇ ਜਿਹੜੀਆਂ ਵੀ ਨਵੀਆਂ ਵੋਟਾਂ ਬਣਨ ਵਾਲੀਆਂ ਹਨ ਉਹ ਬੀ.ਐੱਲ.ਓਜ਼ ਨੂੰ ਮਿਲ ਕੇ ਬਣਵਾ ਲੈਣ।