- ਮਾਸਟਰ ਮਾਈਡ ਜੇਲ੍ਹ ਵਿੱਚੋਂ ਚਲਾ ਰਿਹਾ ਹੈ ਨੈੱਟਵਰਕ
ਗੁਰਦਾਸਪੁਰ, 02 ਸਤੰਬਰ : ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਸਰਹੱਦ ਨਜਦੀਕ ਵੱਸੇ ਪਿੰਡ ਹਰੂਵਾਲ ਦੇ ਖੇਤਾਂ ਵਿਚੋਂ ਇੰਨਕਾਊਂਟਰ ਇਟੈਲੀਜੈਂਸੀ ਅੰਮ੍ਰਿਤਸਰ ਦੀ ਟੀਮ ਵੱਲੋਂ ਖੇਤਾਂ ਵਿੱਚ ਦੱਬੀ 15 ਪੈਕਟ ਹੈਰੋਇਨ ਬਰਾਮਦ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਇਸ ਅਪਰੇਸ਼ਨ ਦੀ ਅਗਵਾਈ ਕਰ ਰਹੇ ਇਨਕਾਉਂਟਰ ਇਟੈਲੀਜੈਂਸੀ ਅੰਮ੍ਰਿਤਸਰ ਦੇ ਇੰਸਪੈਕਟਰ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਟੀਮ ਸਮੇਤ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਿੰਡ ਹਰੂਵਾਲ ਦੇ ਖੇਤਾਂ ਵਿੱਚ ਚੈੱਕਿੰਗ ਦੌਰਾਨ 15 ਪੈਕਟ( ਕੁੱਲ ਵਜਨ ਪੰਦਰਾਂ ਕਿਲੋ) ਹੈਰੋਇਨ ਬਰਾਮਦ ਕੀਤੀ ਹੈ। ਮਾਮਲੇ ਵਿੱਚ ਸਟੇਟ ਸਪੈਸ਼ਲ ਓਪਰੇਸ਼ ਸੈੱਲ ਅੰਮ੍ਰਿਤਸਰ ਨੇ ਗੁਰਪਿੰਦਰ ਸਿੰਘ ਉਰਫ ਭਿੰਦਾ, ਨਰਿੰਦਰ ਸਿੰਘ ਅਤੇ ਰਣਜੋਧ ਸਿੰਘ ਸਾਰੇ ਵਾਸੀ ਪਿੰਡ ਹਰੂਵਾਲ ਥਾਣਾ ਡੇਰਾ ਬਾਬਾ ਨਾਨਕ ਨੂੰ ਗ੍ਰਿਫਤਾਰ ਵੀ ਕੀਤਾ ਹੈ ਤੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਹੈ।ਫੜੇ ਗਏ ਅਰੋਪੀਆਂ ਦੇ ਤਾਰ ਸਿੱਧੇ ਤੌਰ ਤੇ ਪਾਕ ਤਸਕਰਾਂ ਨਾਲ ਜੁੜੇ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਇਹਨਾਂ ਪਾਸੋਂ ਸੱਤ ਲੱਖ ਰੁਪਏ ਡਰਗ ਮਨੀ ਅਤੇ ਦੋ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇੰਸਪੈਕਟਰ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਤਿੰਨ ਦੋਸ਼ੀਆਂ ਨੇ ਦੱਸਿਆ ਹੈ ਕਿ ਦੋ ਦਿਨ ਪਹਿਲਾਂ ਹੀ ਡਰੋਨ ਰਾਹੀਂ ਪੰਦਰਾਂ ਪੈਕਟ ਹੈਰੋਇਨ ਭਾਰਤੀ ਖੇਤਰ ਵਿੱਚ ਪਹੁੰਚੀ ਸੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਉਹਨਾਂ ਦੀ ਟੀਮ ਯਤਨਸ਼ੀਲ ਹੈ। ਉੱਥੇ ਹੀ ਭਰੋਸੇ ਦੀ ਯੋਗ ਸੂਤਰਾਂ ਤੋਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਮਾਮਲੇ ਵਿੱਚ ਸੱਤ ਤਸਕਰਾਂ ਦਾ ਨਾਂ ਸਾਹਮਣੇ ਆ ਰਿਹਾ ਹੈ ਜਦਕਿ ਇਸ ਗੈਂਗ ਦਾ ਸਰਗਣਾ ਜੇਲ ਵਿੱਚ ਹੈ ਅਤੇ ਜੇਲ ਵਿਚੋਂ ਹੀ ਸਾਰਾ ਨੈਟਵਰਕ ਚਲਾ ਰਿਹਾ ਹੈ। ਉਸਦੇ ਇਸ਼ਾਰੇ ਤੇ ਹੀ ਪਾਕਿਸਤਾਨ ਵੱਲੋਂ ਹੈਰੋਇਨ ਭਾਰਤ ਭੇਜੀ ਜਾ ਰਹੀ ਹੈ। ਇਥੇ ਦੱਸਣਯੋਗ ਹੈ ਕਿ ਪਿਛਲੇ ਦਿਨਾਂ ਇੰਨਕਾਊਂਟਰ ਇਟੈਲੀਜੈਂਸੀ ਅੰਮ੍ਰਿਤਸਰ ਵੱਲੋਂ ਬੀਓਪੀ ਕਮਾਲਪੁਰ ਜੱਟਾਂ ਨੇੜਿਉਂ ਬੈਟਰੀ ਵਿੱਚੋਂ ਸਵਾ 6 ਕਿੱਲੋ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਐਸਐਫ਼ ਗੁਰਦਾਸਪੁਰ ਅਧੀਨ ਪੈਂਦੇ ਸਰਹੱਦੀ ਖੇਤਰ ਜੋ ਕਿ ਬੀਐਸਐਫ਼ ਦੀ 27 ਬਟਾਲੀਅਨ ਦਾ ਏਰੀਏ ਹੈ ਵਿਚੋਂ ਦੋ ਵਾਰ ਜਮੀਨ ਵਿੱਚ ਦਬਾਈ ਗਈ ਇੰਨਕਾਊਂਟਰ ਇਟੈਲੀਜੈਂਸੀ ਵਲੋਂ ਹੈਰੋਇਨ ਬਰਾਮਦ ਕਰਕੇ ਬੀਐਸਐਫ ਤੇ ਸਵਾਲੀਆ ਚਿੰਨ ਖੜ੍ਹੇ ਕਰ ਦਿੱਤੇ ਹਨ।