- ਮਿੱਟੀ, ਪਾਣੀ ਅਤੇ ਹਵਾ ਨੂੰ ਬਚਾਉਣ ਦਾ ਦਿੱਤਾ ਸੱਦਾ
- ਵਾਤਾਵਰਣ ਹਰਿਆਵਲ ਭਰਪੂਰ ਬਣਾਉਣ ਲਈ ਹਰ ਮਨੁੱਖ ਲਗਾਵੇ 5 ਪੌਦੇ
ਅੰਮ੍ਰਿਤਸਰ, 5 ਜੂਨ : ਅੱਜ ਵਿਸ਼ਵ ਵਾਤਾਪਰਣ ਦਿਵਸ ਮੌਕੇ ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਨੇ ਐਸ:ਡੀ:ਐਮ ਅਜਨਾਲਾ ਕੰਪਲੈਕਸ ਵਿਖੇ ਕਰਵਾਏ ਗਏ ਸਮਾਗਮ ਵਿੱਚ ਬੋਲਦਿਆਂ ਕਿਹਾ ਕਿ ਅਜਨਾਲਾ ਹਲਕੇ ਦੀ ਆਬੋਹਵਾ ਨੂੰ ਬਦਲਣ ਲਈ 1 ਜੁਲਾਈ ਤੋਂ 1 ਲੱਖ ਬੂਟੇ ਲਗਾਏ ਜਾਣਗੇ। ਸ੍ਰ ਧਾਲੀਵਾਲ ਨੇ ਦੱਸਿਆ ਕਿ ਇਹ ਪੌਦੇ ਅਜਨਾਲਾ ਹਲਕੇ ਦੇ ਸਾਰੇ ਸਕੂਲਾਂ, ਹਸਪਤਾਲਾਂ, ਖੇਡ ਸਟੇਡੀਅਮਾਂ ਅਤੇ ਸੜਕਾਂ ਦੇ ਆਲੇ ਦੁਆਲੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਹਵਾ, ਪਾਣੀ, ਧਰਤੀ ਤੇ ਮਿੱਟੀ ਨੂੰ ਬਚਾਉਣ ਲਈ ਉਪਦੇਸ਼ ਦਿੱਤਾ ਸੀ ਪ੍ਰੰਤੂ ਅਸੀਂ ਉਨ੍ਹਾਂ ਦੇ ਉਪਦੇਸ਼ ਦੀ ਪਾਲਣਾ ਨਹੀਂ ਕੀਤੀ ਜਿਸ ਕਰਕੇ ਅਸੀਂ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅੱਜ ਵੀ ਨਹੀਂ ਸੰਭਲੇ ਤਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਾਤਾਵਰਣ ਦੇ ਨਾਮ ਤੇ ਪ੍ਰਦੂਸ਼ਣ ਦੇ ਕੇ ਜਾਵਾਂਗੇ ਜਿਸ ਨਾਲ ਉਹ ਕਈ ਬਿਮਾਰੀਆਂ ਦੇ ਸ਼ਿਕਾਰ ਹੋਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਜੰਗਲਾਤ ਹੇਠ ਰਕਬਾ ਨਾ ਦੇ ਬਰਾਬਰ ਹੈ ਜਿਸ ਨੂੰ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਵੀ ਪਲੀਤ ਹੋ ਰਿਹਾ ਹੈ ਅਤੇ ਧਰਤੀ ਹੇਠਲਾ ਪਾਣੀ ਵੀ ਖਤਮ ਹੋ ਰਿਹਾ ਹੈ ਜਿਸ ਨੂੰ ਬਚਾਉਣ ਲਈ ਵੱਡੇ ਹੰਭਲੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਹੈ ਪਰ ਇਹ ਕੰਮ ਸਾਨੂੰ ਸਾਰਿਆਂ ਨੂੰ ਮਿਲ ਕੇ ਕਰਨਾ ਚਾਹੀਦਾ ਹੈ। ਸ੍ਰ ਧਾਲੀਵਾਲ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਵਾਤਾਵਰਣ ਨੂੰ ਸਾਫ ਰੱਖਣ ਵਿੱਚ ਅੱਗੇ ਆਈਏ ਅਤੇ ਨਿੱਕੇ -ਨਿੱਕੇ ਕੰਮ ਜਿਵੇਂ ਪਲਾਸਟਿਕ ਲਿਫਾਫੇ ਦੀ ਵਰਤੋਂ ਨਾ ਕਰਨਾ, ਪੌਦੇ ਲਗਾਉਣੇ, ਪਾਣੀ ਦੀ ਬੱਚਤ, ਆਲੇ ਦੁਆਲੇ ਦੀ ਸਫਾਈ ਰੱਖ ਕੇ ਹੀ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿੱਚ ਆਪਣਾ ਸਹਿਯੋਗ ਪਾ ਸਕਦੇ ਹਾਂ। ਉਨ੍ਹਾਂ ਹਾਜਰ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ, ਇਸ ਨੂੰ ਅੱਗੇ ਲਗਾਉਣ ਜਿਥੇ ਵਾਤਾਵਰਣ ਪ੍ਰਦੂਸ਼ਤ ਹੁੰਦਾ ਹੈ ਉਥੇ ਜੀਵ ਜੰਤੂ ਵੀ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੀਆਂ ਮੋਟਰਾਂ ਦੇ ਆਲੇ ਦੁਆਲੇ ਪੌਦੇ ਲਗਾ ਕੇ ਵਾਤਾਵਰਣ ਨੂੰ ਸਾਫ ਰੱਖਣ ਵਿੱਚ ਮਦਦ ਕਰ ਸਕਦੇ ਹਨ। ਸ੍ਰ ਧਾਲੀਵਾਲ ਵੱਲੋਂ ਅਜਨਾਲਾ ਦੇ ਐਸ:ਡੀ:ਐਮ ਕੰਪਲੈਕਸ ਵਿੱਚ ਪੌਦੇ ਵੀ ਲਗਾਏ ਗਏ। ਇਸ ਮੌਕੇ ਐਸ:ਡੀ:ਐਮ ਅਜਨਾਲਾ ਸ੍ਰ ਅਰਵਿੰਦਰਪਾਲ ਸਿੰਘ, ਤਹਿਸੀਲਦਾਰ ਮੈਡਮ ਰੋਬਿਨਜੀਤ ਕੌਰ, ਸ੍ਰ ਮਨਜਿੰਦਰ ਸਿੰਘ ਮੱਤੇਨੰਗਲ, ਐਸ:ਡੀ:ਓ ਰਾਜਬੀਰ ਸਿੰਘ, ਜਗਵੀਰ ਸਿੰਘ ਗਿੱਲ, ਸ੍ਰ ਗੁਰਪ੍ਰੀਤ ਸਿੰਘ ਰਿਆੜ, ਨਾਹਿਬ ਤਹਿਸੀਲਦਾਰ ਰਾਜ ਪ੍ਰਿਤਪਾਲ ਸਿੰਘ, ਬੀ:ਡੀ:ਪੀ:ਓ ਸੁਖਜੀਤ ਬਾਜਵਾ, ਰੇਂਜ ਅਫਸਰ ਪ੍ਰਕਾਸ਼ ਸਿੰਘ, ਮਾਰੀਕਟ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਪ੍ਰਧਾਨ ਜਸਪਾਲ ਸਿੰਘ ਢਿਲੋਂ, ਸ੍ਰ ਗੁਰਜੰਟ ਸਿੰਘ ਸੋਹੀ, ਐਡਵੋਕੇਟ ਰਾਜੀਵ ਮਦਾਨ, ਸ਼ੇਰਦੀਪ ਸਿੰਘ ਚਾਹਲ, ਪ੍ਰਧਾਨ ਦੀਪਕ ਕੁਮਾਰ ਚੈਨਪੁਰਾ, ਸਰਪੰਚ ਮਨਜਿੰਦਰ ਸਿੰਘ ਵੀ ਹਾਜਰ ਸਨ।