ਟਾਈਟੈਨਿਕ ਦੇਖਣ ਗਈ ਅਰਬਪਤੀਆਂ ਨਾਲ ਭਰੀ ਪਣਡੁੱਬੀ ਹੋਈ ਲਾਪਤਾ, ਤਲਾਸ਼ੀ ਮੁਹਿੰਮ ਸ਼ੁਰੂ

ਵਾਸ਼ਿੰਗਟਨ, 20 ਜੂਨ : ਟਾਈਟੈਨਿਕ ਦੇ ਮਲਬੇ ਨੇੜੇ ਇੱਕ ਵਪਾਰਕ ਪਣਡੁੱਬੀ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਟਾਈਟੈਨਿਕ ਦੇ ਮਲਬੇ ਨੂੰ ਦੇਖਣ ਗਈ ਇੱਕ ਸੈਲਾਨੀ ਪਣਡੁੱਬੀ ਐਤਵਾਰ ਨੂੰ ਅਟਲਾਂਟਿਕ ਮਹਾਸਾਗਰ ਵਿੱਚ ਲਾਪਤਾ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਪਣਡੁੱਬੀ ਵਿੱਚ ਇੱਕ ਪਾਇਲਟ ਅਤੇ ਚਾਰ ਸੈਲਾਨੀ ਸਵਾਰ ਸਨ। ਇਨ੍ਹਾਂ ਲੋਕਾਂ 'ਚ ਬ੍ਰਿਟਿਸ਼ ਅਰਬਪਤੀ ਹਾਮਿਸ਼ ਹਾਰਡਿੰਗ ਵੀ ਸ਼ਾਮਲ ਹੈ। ਦੱਸ ਦੇਈਏ ਕਿ ਪਣਡੁੱਬੀ ਦੇ ਡੁੱਬਣ ਦਾ ਖ਼ਦਸ਼ਾ ਜਤਾਉਂਦਿਆਂ ਅਮਰੀਕਾ ਅਤੇ ਕੈਨੇਡਾ ਨੇ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਣਡੁੱਬੀ ਦੇ ਡੁੱਬਣ ਦੀ ਖ਼ਬਰ ਫੈਲਦੇ ਹੀ ਅਮਰੀਕਾ ਅਤੇ ਕੈਨੇਡਾ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਟੂਰਿਸਟ ਪਣਡੁੱਬੀ ਐਤਵਾਰ ਨੂੰ ਅਟਲਾਂਟਿਕ ਮਹਾਸਾਗਰ 'ਚ ਡਿੱਗੀ। ਕਰੀਬ ਢਾਈ ਘੰਟੇ ਪਾਣੀ 'ਚ ਉਤਰਨ ਤੋਂ ਬਾਅਦ ਉਸ ਦਾ ਸੰਪਰਕ ਟੁੱਟ ਗਿਆ ਅਤੇ ਉਹ ਲਾਪਤਾ ਹੋ ਗਈ। ਇਸ ਦੇ ਨਾਲ ਹੀ, ਇਸ ਪਣਡੁੱਬੀ ਨੂੰ ਲੱਭਣ ਲਈ ਬਹੁਤ ਘੱਟ ਸਮਾਂ ਹੈ, ਕਿਉਂਕਿ ਇਸ ਵਿਚ ਸਿਰਫ 96 ਘੰਟੇ ਆਕਸੀਜਨ ਹੈ। ਅਮਰੀਕਾ ਅਤੇ ਕੈਨੇਡਾ ਵੱਲੋਂ ਚਲਾਏ ਜਾ ਰਹੇ ਸਰਚ ਆਪਰੇਸ਼ਨ ਵਿੱਚ ਹੁਣ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਦੋਵਾਂ ਦੇਸ਼ਾਂ ਦੀਆਂ ਬਚਾਅ ਟੀਮਾਂ ਪਾਣੀ ਵਿੱਚ ਲਗਾਤਾਰ ਖੋਜ ਕਰ ਰਹੀਆਂ ਹਨ। ਪਣਡੁੱਬੀ ਦੀ ਖੋਜ ਲਈ ਸੋਨਾਰ ਬੁਆਏਜ਼ ਨੂੰ ਪਾਣੀ ਵਿੱਚ ਭੇਜਿਆ ਗਿਆ ਹੈ, ਤਾਂ ਜੋ ਉਹ ਪਾਣੀ ਵਿੱਚ ਨਿਗਰਾਨੀ ਕਰ ਸਕਣ। ਇਸ ਦੇ ਨਾਲ ਹੀ ਹੋਰ ਜਹਾਜ਼ਾਂ ਤੋਂ ਵੀ ਮਦਦ ਮੰਗੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਟਾਈਟੈਨਿਕ ਦੇ ਮਲਬੇ ਨੂੰ ਦੇਖਣ ਲਈ ਕਰੀਬ ਦੋ ਕਰੋੜ ਰੁਪਏ ਦਾ ਖਰਚਾ ਆਇਆ ਹੈ। ਇਹ ਯਾਤਰਾ ਸੇਂਟ ਜੌਨਜ਼ ਦੇ ਨਿਊਫਾਊਂਡਲੈਂਡ ਤੋਂ ਸ਼ੁਰੂ ਹੁੰਦੀ ਹੈ। ਟਾਈਟੈਨਿਕ ਜਹਾਜ਼ 10 ਅਪ੍ਰੈਲ 1912 ਨੂੰ ਰਵਾਨਾ ਹੋਇਆ ਅਤੇ 14-15 ਅਪ੍ਰੈਲ ਨੂੰ ਅਟਲਾਂਟਿਕ ਮਹਾਸਾਗਰ ਵਿੱਚ ਇੱਕ ਆਈਸਬਰਗ ਨਾਲ ਟਕਰਾਉਣ ਤੋਂ ਬਾਅਦ ਡੁੱਬ ਗਿਆ। ਇਸ ਵਿੱਚ 1500 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਟਾਈਟੈਨਿਕ ਦੇ ਮਲਬੇ ਦੀ ਖੋਜ 1985 ਵਿੱਚ ਹੋਈ ਸੀ।