ਲਾਹੌਰ ’ਚ ਸਿੱਖ ਪਰਿਵਾਰ ਨੂੰ ਪੁਲਿਸ ਵਰਦੀ ’ਚ ਆਏ ਲੁਟੇਰਿਆਂ ਨੇ ਲੁੱਟਿਆ, ਪ੍ਰਕਾਸ਼ ਪੁਰਬ 'ਚ ਸ਼ਾਮਲ ਹੋਣ ਪੁੱਜਾ ਸੀ ਲਾਹੌਰ

  • ਬੰਦੂਕ ਦਾ ਡਰ ਦਿਖਾ ਕੇ ਨਕਦੀ ਤੇ ਗਹਿਣੇ ਲੁੱਟ ਲਏ। 

ਲਾਹੌਰ, 1 ਦਸੰਬਰ : ਪਾਕਿਸਤਾਨ ਦੇ ਪੰਜਾਬ ਸੂਬੇ ’ਚ ਲਾਹੌਰ ’ਚ ਇਕ ਸਿੱਖ ਪਰਿਵਾਰ ਨੂੰ ਪੁਲਿਸ ਵਰਦੀ ’ਚ ਆਏ ਲੁਟੇਰਿਆਂ ਨੇ ਲੁੱਟ ਲਿਆ। ਕੰਵਲਜੀਤ ਸਿੰਘ ਤੇ ਉਨ੍ਹਾਂ ਦਾ ਪਰਿਵਾਰ ਭਾਰਤ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਚ ਸ਼ਾਮਲ ਹੋਣ ਲਈ ਇੱਥੇ ਪੁੱਜਾ ਸੀ। ਸਾਰੇ ਬੁੱਧਵਾਰ ਨੂੰ ਖਰੀਦਦਾਰੀ ਲਈ ਲਿਬਰਟੀ ਮਾਰਕੀਟ ਗਏ ਸਨ। ਜਦੋਂ ਉਹ ਇਕ ਦੁਕਾਨ ਤੋਂ ਬਾਹਰ ਨਿਕਲੇ ਤਾਂ ਵਰਦੀ ਪਾ ਕੇ ਆਏ ਦੋ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕਿਆ ਤੇ ਬੰਦੂਕ ਦਾ ਡਰ ਦਿਖਾ ਕੇ ਨਕਦੀ ਤੇ ਗਹਿਣੇ ਲੁੱਟ ਲਏ। ਪੁਲਿਸ ਬੁਲਾਰੇ ਨੇ ਕਿਹਾ ਕਿ ਉੱਥੇ ਮੌਜੂਦ ਸਥਾਨਕ ਲੋਕ ਉਨ੍ਹਾਂ ਨੂੰ ਨਜ਼ਦੀਕੀ ਪੁਲਿਸ ਸਟੇਸ਼ਨ ਲੈ ਕੇ ਗਏ। ਸਿੱਖ ਪਰਿਵਾਰ ਨਾਲ ਉੱਥੋਂ ਦੇ ਡੀਆਈਜੀ ਨੇ ਮੁਲਾਕਾਤ ਕੀਤੀ ਤੇ ਭਰੋਸਾ ਦਿੱਤਾ ਕਿ ਅਪਰਾਧੀਆਂ ਨੂੰ ਛੇਤੀ ਫੜ ਲਿਆ ਜਾਵੇਗਾ। ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਸਿੱਖ ਪਰਿਵਾਰ ਨਾਲ ਹੋਈ ਇਸ ਘਟਨਾ ’ਚ ਲਾਹੌਰ ਪੁਲਿਸ ਤੋਂ ਰਿਪੋਰਟ ਮੰਗੀ ਹੈ। ਉਨ੍ਹਾਂ ਨੇ ਪੁਲਿਸ ਨੂੰ ਮਾਮਲੇ ’ਚ ਗੰਭੀਰਤਾ ਵਰਤਣ ਦਾ ਨਿਰਦੇਸ਼ ਦਿੱਤਾ ਹੈ। ਨਾਲ ਹੀ ਆਸਪਾਸ ਦੇ ਸੀਸੀਟੀਵੀ ਫੁੱਟੇਜ ਦੀ ਮਦਦ ਨਾਲ ਸ਼ੱਕੀ ਦੀ ਪੱਛਾਣ ਕਰਨ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਨੇ ਪੁਲਿਸ ਨੂੰ 48 ਘੰਟਿਆਂ ਦਾ ਸਮਾਂ ਦਿੱਤਾ ਹੈ।

ਪਾਕਿਸਤਾਨ ਗਏ ਜਥੇ ਨਾਲ ਹੋਈ ਲੁੱਟ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਨਾਲ ਲਾਹੌਰ ਵਿਖੇ ਹੋਈ ਲੁੱਟ ਖੋਹ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਅਤੇ ਪ੍ਰਸ਼ਾਸਨ ਦੀ ਜੁੰਮੇਵਾਰੀ ਹੈ ਕਿ ਜਥੇ ਵਿਚ ਗਏ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਸਿੱਖ ਸ਼ਰਧਾਲੂ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਂਦੇ ਹਨ, ਪ੍ਰੰਤੂ ਅਜਿਹੀ ਘਟਨਾ ਨਾਲ ਉਨ੍ਹਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜਦੀ ਹੈ। ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਕਿਹਾ ਕਿ ਇਸ ਘਟਨਾ ਨਾਲ ਸਬੰਧਤ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ, ਤਾਂ ਜੋ ਸਿੱਖ ਪਰਿਵਾਰ ਨੂੰ ਇਨਸਾਫ਼ ਮਿਲੇ ਅਤੇ ਭਵਿੱਖ ਵਿਚ ਵੀ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਐਡਵੋਕੇਟ ਧਾਮੀ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਵਾਉਣ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ।