ਵਾਸ਼ਿੰਗਟਨ ਵਿੱਚ ਹੋਈ ਗੋਲ਼ੀਬਾਰੀ, 3 ਲੋਕਾਂ ਦੀ ਮੌਤ 

ਵਾਸ਼ਿੰਗਟਨ, 6 ਅਗਸਤ : ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੀ ਇਕ ਸੜਕ 'ਤੇ ਸ਼ਨੀਵਾਰ ਦੀ ਰਾਤ ਨੂੰ ਭਿਆਨਕ ਗੋਲ਼ੀਬਾਰੀ ਹੋਈ। ਇਸ ਘਟਨਾ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦੋ ਹੋਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 8 ਵਜੇ ਦੇ ਕਰੀਬ ਗੁੱਡ ਹੋਪ ਰੋਡ ਦੱਖਣ ਪੂਰਬ ਦੇ 1600 ਬਲਾਕ ਵਿੱਚ ਗੋਲ਼ੀਆਂ ਚੱਲਣ ਦੀ ਸੂਚਨਾ ਮਿਲੀ, ਜਦੋਂ ਪੁਲਿਸ ਉੱਥੇ ਪਹੁੰਚੀ, ਤਾਂ ਉਨ੍ਹਾਂ ਨੇ ਮੌਕੇ 'ਤੇ ਪੰਜ ਪੀੜਤਾਂ ਮਿਲੇ ਜਿਨ੍ਹਾਂ ਨੂੰ ਗੋਲ਼ੀਆਂ ਲੱਗੀਆਂ ਹੋਈਆਂ ਸਨ। ਮੈਟਰੋਪੋਲੀਟਨ ਪੁਲਿਸ ਵਿਭਾਗ ਦੀ ਕਾਰਜਕਾਰੀ ਮੁਖੀ ਪਾਮੇਲਾ ਸਮਿਥ ਨੇ ਘਟਨਾ ਸਥਾਨ 'ਤੇ ਇੱਕ ਨਿਊਜ਼ ਕਾਨਫਰੰਸ ਦੌਰਾਨ ਦੱਸਿਆ ਕਿ ਘਟਨਾ ਸਥਾਨ 'ਤੇ ਦੋ ਪੁਰਸ਼ਾਂ ਤੇ ਇੱਕ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਤੇ ਦੋ ਪੁਰਸ਼ਾਂ ਨੂੰ ਵਾਸ਼ਿੰਗਟਨ, ਡੀ.ਸੀ. ਦੇ ਖੇਤਰੀ ਹਸਪਤਾਲਾਂ ਵਿੱਚ ਲਿਜਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਦਾਖ਼ਲ ਪੀੜਤਾਂ ਦੀ ਹਾਲਤ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ। ਸਮਿਥ ਨੇ ਅੱਗੇ ਕਿਹਾ, “ਡਿਸਟ੍ਰਿਕਟ ਆਫ਼ ਕੋਲੰਬੀਆ ਵਿੱਚ ਇਸ ਕਿਸਮ ਦੀ ਬੰਦੂਕ ਹਿੰਸਾ ਸਵੀਕਾਰਯੋਗ ਨਹੀਂ ਹੈ। ਇਹ ਯੁੱਧ ਖੇਤਰ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਵਸਨੀਕ ਸੁਰੱਖਿਅਤ ਮਹਿਸੂਸ ਕਰਨ।ਸਮਿਥ ਨੇ ਘਾਤਕ ਗੋਲ਼ੀਬਾਰੀ ਦੇ ਗਵਾਹਾਂ ਤੋਂ ਘਟਨਾ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਜਨਤਾ ਦੀ ਮਦਦ ਮੰਗੀ।