‘ਕਿਸਾਨਾਂ ਤੇ ਸਿੱਖਾਂ ਨਾਲ ਖੜ੍ਹਨ ਦੀ ਅਦਾ ਕਰਨੀ ਪਈ ਕੀਮਤ’: ਐਮ.ਪੀ. ਤਨਮਨਜੀਤ ਸਿੰਘ ਢੇਸੀ

  • ਅੰਮ੍ਰਿਤਸਰ ਏਅਰਪੋਰਟ ‘ਤੇ ਰੋਕੇ ਜਾਣ ‘ਤੇ ਬੋਲੇ ਐਮ.ਪੀ. ਢੇਸੀ

ਲੰਡਨ, 04 ਅਗਸਤ : ਬੀਤੇ ਦਿਨੀਂ ਬ੍ਰਿਟਿਸ ‘ਚ ਸਿੱਖ ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੇ ਰੋਕ ਲਿਆ ਗਿਆ ਸੀ, ਜਿੰਨ੍ਹਾਂ ਤੋਂ ਤਕਰੀਬ ਦੋ ਘੰਟੇ ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜਾਣ ਦਿੱਤਾ ਗਿਆ। ਇਸ ਮਸਲੇ ਨੂੰ ਲੈ ਕੇ ਬ੍ਰਿਟਿਸ ਐਮ.ਪੀ. ਤਨਮਨਜੀਤ ਸਿੰਘ ਢੇਸੀ ਦਾ ਬਿਆਨ ਸਾਹਮਣੇ ਆਇਆ ਹੈ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਤੇ ਸਿੱਖਾਂ ਨਾਲ ਖੜਨ ਦੀ ਇਹ ਕੀਮਤ ਅਦਾ ਕਰਨੀ ਪਈ ਹੈ। ਢੇਸੀ ਨੇ ਦੱਸਿਆ ਕਿ ਪਿਛਲੇ ਸਾਲ ਮੈਂ ਕਿਸਾਨ ਅੰਦੋਲਨ ਲਈ ਆਵਾਜ਼ ਚੁੱਕੀ ਸੀ ਜਿਸ ਕਰਕੇ ਭਾਰਤੀ ਕਿਸਾਨ ਯੂਨੀਅਨਾਂ ਵੱਲੋਂ ਮੈਨੂੰ ਸਨਮਾਨਿਤ ਕੀਤਾ ਗਿਆ ਸੀ ਪਰ ਅੱਜ ਅੰਮ੍ਰਿਤਸਰ ਏਅਰਪੋਰਟ ‘ਤੇ ਰੋਕ ਕੇ ਮੈਨੂੰ ਅਪਮਾਨਿਤ ਕੀਤਾ ਗਿਆ ਕਿਉਂਕਿ ਕੁਝ ਨਫ਼ਰਤ ਕਰਨ ਵਾਲਿਆਂ ਨੇ ਮੇਰਾ ਵੈਧ OCI ਵੀਜ਼ਾ ਮੁਅੱਤਲ ਕਰਨ ਦੀ ਸ਼ਿਕਾਇਤ ਕੀਤੀ ਸੀ, ਜਿਸ ਨੂੰ ਬਾਅਦ ਵਿਚ ਏਅਰਪੋਰਟ ‘ਤੇ ਮੌਜੂਦ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸੁਲਝਾ ਲਿਆ ਗਿਆ ਤੇ ਮੈਨੂੰ ਏਅਰਪੋਰਟ ਤੋਂ ਜਾਣ ਦਿੱਤਾ ਗਿਆ। ਦੱਸ ਦੇਈਏ ਕਿ ਯੂਨਾਈਟਿਡ ਕਿੰਗਡਮ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਬ੍ਰਿਟਿਸ਼ ਪਾਰਲੀਮੈਂਟ ਅਤੇ ਹੋਰ ਮੰਚਾਂ ‘ਤੇ ਸਿੱਖ ਮੁੱਦਿਆਂ ‘ਤੇ ਬੋਲਣ ਲਈ ਜਾਣੇ ਜਾਂਦੇ ਹਨ। ਉਹ ਘੱਟ ਗਿਣਤੀਆਂ ਦੀਆਂ ਚਿੰਤਾਵਾਂ ਵੀ ਉਠਾਉਂਦਾ ਹੈ। ਉਹ ਵਰਤਮਾਨ ਵਿੱਚ ਇਸ ਦੇਸ਼ ਵਿੱਚ ਸ਼ੈਡੋ ਮੰਤਰੀ (ਰੇਲਵੇ) ਦੀ ਭੂਮਿਕਾ ਨਿਭਾ ਰਹੇ ਹਨ।