ਬ੍ਰਾਜ਼ੀਲ, 4 ਅਕਤੂਬਰ : ਬ੍ਰਾਜ਼ੀਲ ‘ਚ ਜਹਾਜ਼ ਕ੍ਰੈਸ਼ ਹੋ ਜਾਣ ਦੇ ਕਾਰਨ ਪਾਇਲਟ ਅਤੇ ਕੋ-ਪਾਇਲਟ ਸਮੇਤ 14 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਬ੍ਰਾਜ਼ੀਲ ਅਤੇ ਅਮਰੀਕਾ ਦੇ ਯਾਤਰੀ ਵੀ ਸ਼ਾਮਲ ਹਨ। ਬ੍ਰਾਜ਼ੀਲ ਦੀ ਸਿਵਲ ਡਿਫੈਂਸ ਨੇ ਸਾਰੀਆਂ ਮੌਤਾਂ ਦੀ ਪੁਸ਼ਟੀ ਕੀਤੀ ਹੈ। ਸਾਰੇ ਯਾਤਰੀ ਬਾਰਸੀਲੋਨਾ ਵਿੱਚ ਮੱਛੀ ਫੜਨ ਜਾ ਰਹੇ ਸਨ। ਇਹ ਹਾਦਸਾ ਅਮੇਜ਼ਨਸ ਦੀ ਰਾਜਧਾਨੀ ਮਾਨੌਸ ਤੋਂ ਕਰੀਬ 400 ਕਿਲੋਮੀਟਰ ਦੂਰ ਬਾਰਸੀਲੋਸ ਸੂਬੇ ਵਿੱਚ ਭਾਰਤੀ ਸਮੇਂ ਅਨੁਸਾਰ ਰਾਤ 11:30 ਵਜੇ ਵਾਪਰਿਆ। ਬ੍ਰਾਜ਼ੀਲ ਮੀਡੀਆ ਮੁਤਾਬਕ ਹਾਦਸੇ ਦੇ ਸਮੇਂ ਭਾਰੀ ਮੀਂਹ ਪੈ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਖਰਾਬ ਮੌਸਮ ਕਾਰਨ ਪਾਇਲਟ ਜਹਾਜ਼ ਨੂੰ ਲੈਂਡ ਕਰਨ ਲਈ ਲੈਂਡਿੰਗ ਸਟ੍ਰਿਪ ਦਾ ਅੰਦਾਜ਼ਾ ਨਹੀਂ ਲਗਾ ਸਕਿਆ। 18 ਯਾਤਰੀਆਂ ਦੀ ਸਮਰੱਥਾ ਵਾਲਾ EMB-110 ਨਾਮ ਦਾ ਇਹ ਜਹਾਜ਼ ਮਾਨੋਸ ਟੈਕਸੀ ਏਰੀਓ ਨਾਮਕ ਕੰਪਨੀ ਦਾ ਸੀ। ਇਹ ਜਹਾਜ਼ ਮਾਨੌਸ ਤੋਂ ਬਾਰਸੀਲੋਨਾ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਸਾਰੀਆਂ ਲਾਸ਼ਾਂ ਨੂੰ ਮੌਕੇ ਤੋਂ ਬਾਹਰ ਕੱਢ ਲਿਆ ਗਿਆ ਹੈ। ਸ਼ਹਿਰ ਵਿੱਚ ਕੋਲਡ ਸਟੋਰੇਜ ਦੀ ਸਹੂਲਤ ਨਾ ਹੋਣ ਕਾਰਨ ਸਾਰੀਆਂ ਲਾਸ਼ਾਂ ਨੂੰ ਨੇੜਲੇ ਸਕੂਲ ਵਿੱਚ ਲਿਜਾਇਆ ਜਾ ਰਿਹਾ ਹੈ। ਭਾਰਤੀ ਸਮੇਂ ਮੁਤਾਬਕ ਬ੍ਰਾਜ਼ੀਲ ਦੀ ਹਵਾਈ ਸੈਨਾ ਦਾ ਜਹਾਜ਼ ਐਤਵਾਰ ਸ਼ਾਮ ਨੂੰ ਬਾਰਸੀਲੋਨਾ ਪਹੁੰਚ ਜਾਵੇਗਾ ਅਤੇ ਸਾਰੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਕੋਲ ਲੈ ਜਾਵੇਗਾ।