ਨਿਊਯਾਰਕ : ਸੰਯੁਕਤ ਰਾਸ਼ਟਰ ‘ਚ ਅੱਤਵਾਦ ਨੂੰ ਲੈ ਕੇ ਬੁਰੀ ਤਰ੍ਹਾਂ ਘਿਰੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਬਦਮੀਜ਼ੀ ‘ਤੇ ਉਤਰ ਆਏ। ਉਨ੍ਹਾਂ ਨੇ ਗੁਜਰਾਤ ਦੰਗਿਆਂ ਨੂੰ ਲੈ ਕੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਅਪਮਾਨਜਨਕ ਟਿੱਪਣੀ ਕੀਤੀ ਹੈ। ਅਜਿਹਾ ਅਪਮਾਨਜਨਕ ਬਿਆਨ ਦਿੰਦੇ ਹੋਏ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਆਪਣੇ ਅਹੁਦੇ ਦੀ ਮਰਿਆਦਾ ਨੂੰ ਦਾ ਵੀ ਲਿਹਾਜ਼ ਨਹੀਂ ਕੀਤਾ। ਬਿਲਾਵਲ ਦੇ ਇਸ ਬਿਆਨ ਨੂੰ ਭਾਰਤ-ਪਾਕਿਸਤਾਨ ਦੇ ਰਿਸ਼ਤੇ ਸੁਧਾਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਬਿਲਾਵਲ ਨੇ ਕਿਹਾ ਕਿ ਮੈਂ ਭਾਰਤ ਨੂੰ ਦੱਸਣਾ ਚਾਹੁੰਦਾ ਹਾਂ ਕਿ ਓਸਾਮਾ ਬਿਨ ਲਾਦੇਨ ਤਾਂ ਮਰ ਚੁੱਕਾ ਹੈ ਪਰ ‘ਗੁਜਰਾਤ ਦਾ ਕਸਾਈ’ ਅਜੇ ਜਿਊਂਦਾ ਹੈ ਤੇ ਭਾਰਤ ਦਾ ਪ੍ਰਧਾਨ ਮੰਤਰੀ ਹੈ। ਸੰਯੁਕਤ ਰਾਸ਼ਟਰ ਦੀਆਂ ਬੈਠਕਾਂ ਵਿੱਚ ਹਿੱਸਾ ਲੈਣ ਨਿਊਯਾਰਕ ਪਹੁੰਚੇ ਭੁੱਟੋ ਨੇ ਐੱਸ. ਜੈਸ਼ੰਕਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਅਮਰੀਕਾ ਨੇ ਉਨ੍ਹਾਂ ਦੀ ਐਂਟਰੀ ‘ਤੇ ਬੈਨ ਲਾ ਦਿੱਤਾ ਸੀ। ਪੀ.ਐੱਮ. ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ‘ਤੇ ਦੋਸ਼ ਲਾਉਂਦਿਆਂ ਭੁੱਟੋ ਨੇ ਕਿਹਾ ਕਿ ਦੋਵੇਂ ਭਾਰਤ ਦੇ ਨਹੀਂ, RSS ਦੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਹਨ। ਨਿਊਯਾਰਕ ‘ਚ ਪ੍ਰੈੱਸ ਕਾਨਫਰੰਸ ਦੌਰਾਨ ਬਿਲਾਵਲ ਨੇ ਕਿਹਾ ਕਿ ਭਾਰਤ ਸਰਕਾਰ ਗਾਂਧੀ ਦੀ ਵਿਚਾਰਧਾਰਾ ‘ਤੇ ਵਿਸ਼ਵਾਸ ਕਰਨ ਦੀ ਬਜਾਏ ਉਨ੍ਹਾਂ ਦੇ ਕਾਤਲ ਦੇ ਸਿਧਾਂਤਾਂ ‘ਤੇ ਵਿਸ਼ਵਾਸ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਹਿਟਲਰ ਤੋਂ ਪ੍ਰਭਾਵਿਤ ਹੈ। ਪਾਕਿਸਤਾਨ ‘ਚ ਵਧਦੇ ਅੱਤਵਾਦੀ ਹਮਲਿਆਂ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਬਿਲਾਵਲ ਨੇ ਕਿਹਾ ਕਿ ਪਾਕਿਸਤਾਨ ‘ਚ ਅੱਤਵਾਦ ਨੂੰ ਗੁਆਂਢੀ ਦੇਸ਼ ਤੋਂ ਸਮਰਥਨ ਮਿਲ ਰਿਹਾ ਹੈ ਅਤੇ ਬਾਹਰੀ ਅਨਸਰ ਬਲੋਚਿਸਤਾਨ ‘ਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਾਕਿਸਤਾਨ ਦੇ ਮੰਤਰੀ ਦਾ ਇਹ ਬਦਤਮੀਜ਼ੀ ਵਾਲਾ ਬਿਆਨ ਭਾਰਤ ਦੇ ਵਿਦੇਸ਼ ਮੰਤਰੀ ਵੱਲੋਂ ਪਾਕਿਸਤਾਨ ‘ਤੇ ਲਗਾਏ ਗਏ ਫਟਕਾਰ ਦੇ ਜਵਾਬ ‘ਚ ਆਇਆ ਹੈ।
ਵਿਦੇਸ਼ ਮੰਤਰੀ ਨੇ ਕਸ਼ਮੀਰ ਮੁੱਦਾ ਚੁੱਕਣ ‘ਤੇ ਪਾਕਿਸਤਾਨ ਨੂੰ ਤਾੜਨਾ ਕੀਤੀ ਸੀ।
ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਬੋਲਦਿਆਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ‘ਚ ਕਸ਼ਮੀਰ ਮੁੱਦਾ ਚੁੱਕਣ ‘ਤੇ ਪਾਕਿਸਤਾਨ ਨੂੰ ਤਾੜਨਾ ਕੀਤੀ ਸੀ। ਪਾਕਿਸਤਾਨ ਨੂੰ ਸਲਾਹ ਦਿੰਦੇ ਹੋਏ ਜੈਸ਼ੰਕਰ ਨੇ ਕਿਹਾ ਸੀ ਕਿ ਜਿਸ ਦੇਸ਼ ਨੇ ਅਲ-ਕਾਇਦਾ ਦੇ ਨੇਤਾ ਓਸਾਮਾ ਬਿਨ ਲਾਦੇਨ ਵਰਗੇ ਅੱਤਵਾਦੀ ਨੂੰ ਪਨਾਹ ਦਿੱਤੀ ਹੈ ਅਤੇ ਆਪਣੇ ਗੁਆਂਢੀ ਦੇਸ਼ ਦੀ ਸੰਸਦ ‘ਤੇ ਹਮਲਾ ਕੀਤਾ ਹੈ, ਉਸ ਨੂੰ ਪ੍ਰਚਾਰ ਨਹੀਂ ਕਰਨਾ ਚਾਹੀਦਾ।