ਇੰਗਲੈਂਡ 'ਚ 7 ਨਵਜੰਮੇ ਬੱਚਿਆਂ ਦੀ ਹੱਤਿਆ ਕਰਨ ਵਾਲੀ ਨਰਸ ਦੋਸ਼ੀ ਕਰਾਰ 

  • ਕੋਰਟ ਨੇ ਨਰਸ ਨੂੰ ਕੁੱਲ 13 ਬੱਚਿਆਂ ‘ਤੇ ਜਾਨਲੇਵਾ ਹਮਲੇ ਦਾ ਦੋਸ਼ੀ ਮੰਨਿਆ

ਲੰਡਨ, 19 ਅਗਸਤ : ਇੰਗਲੈਂਡ ਦੇ ਇਕ ਹਸਪਤਾਲ ਵਿਚ 7 ਨਵਜੰਮੇ ਬੱਚਿਆਂ ਦੀ ਹੱਤਿਆ ਕਰਨ ਵਾਲੀ ਨਰਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਨਰਸ ‘ਤੇ ਦੋਸ਼ ਹੈ ਕਿ ਉਸ ਨੇ ਦੁੱਧ ਪਿਆ ਕੇ ਜ਼ਹਿਰ ਦੇ ਕੇ 13 ਬੱਚਿਆਂ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ 7 ਬੱਚਿਆਂ ਦੀ ਮੌਤ ਹੋ ਗਈ। ਅਦਾਲਤ ਵਿਚ ਨਰਸ ਨੂੰ ਦੋਸ਼ੀ ਸਾਬਤ ਕਰਨ ਵਿਚ ਭਾਰਤੀ ਮੂਲ ਦੇ ਡਾਕਟਰ ਨੇ ਅਹਿਮ ਭੂਮਿਕਾ ਨਿਭਾਈ। ਨਰਸ ਦੇ ਘਰ ਤੋਂ ਬਰਾਮਦ ਨੋਟ ਵਿਚ ਲਿਖਿਆ ਸੀ ਕਿ ਮੈਂ ਰਾਖਸ਼ਸ ਹਾਂ। ਇੰਗਲੈਂਡ ਦੇ ਚੈਸਟਰ ਸ਼ਹਿਰ ਵਿਚ ਸਥਿਤ ਕਾਊਂਟੇਸਆਫ ਚੈਸਟਰ ਹਸਪਤਾਲ ਦੇ ਡਾ. ਰਵੀ ਜੈਰਾਮ ਨੇ ਦੱਸਿਆ ਕਿ ਜੇਕਰ ਸਮਾਂ ਰਹਿੰਦੇ ਸਾਬਕਾ ਨਰਸ ਲੁਸੀ ਲੇਟਬੀ ਬਾਰੇ ਗੌਰ ਕਰ ਲਿਆ ਹੁੰਦਾ ਤਾਂ ਪੁਲਿਸ ਅਲਰਟ ਹੋ ਸਕਦੀ ਸੀ। ਸਮੇਂ ਰਹਿੰਦੇ ਜ਼ਖਮੀਆਂ ਦਾ ਇਲਾਜ ਸ਼ੁਰੂ ਹੋ ਜਾਂਦਾ ਜਿਸ ਨਾਲ ਕਈਆਂ ਦੀ ਜਾਨ ਬਚ ਸਕਦੀ ਸੀ। ਮੈਨਚੇਸਟਰ ਕਰਾਊਨ ਕੋਰਟ ਦੀ ਜੂਰੀ ਨੇ 7 ਨਵਜੰਮੇ ਬੱਚਿਆਂ ਦੀ ਹੱਤਿਆ ਲਈ ਲੂਸੀ ਨੂੰ ਦੋਸ਼ੀ ਮੰਨਿਆ ਹੈ। ਕੋਰਟ ਵਿਚ ਉਸ ਨੂੰ ਸਜ਼ਾ ਸੁਣਾਈ ਜਾਵੇਗੀ। ਕੋਰਟ ਨੇ ਨਰਸ ਨੂੰ ਕੁੱਲ 13 ਬੱਚਿਆਂ ‘ਤੇ ਜਾਨਲੇਵਾ ਹਮਲੇ ਦਾ ਦੋਸ਼ੀ ਮੰਨਿਆ ਹੈ। ਦਰਅਸਲ ਹਮਲੇ ਵਿਚ 7 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਸੀ ਜਦੋਂਕਿ 6 ਬੱਚਿਆਂ ਨੂੰ ਬਚਾ ਲਿਆ ਗਿਆਸੀ। ਪੁਲਿਸ ਮੁਤਾਬਕ ਸਾਬਕਾ ਨਰਸ ਛੋਟੇ ਬੱਚਿਆਂ ਦੇ ਪੇਟ ਵਿਚ ਹਵਾ ਭਰ ਕੇ, ਉਨ੍ਹਾਂ ਨੂੰ ਦੁੱਧ ਪਿਆ ਕੇ ਹਮਲਾ ਕਰਦੀ ਸੀ। ਉਹ ਇੰਸੁਲਿਨ ਨਾਲ ਬੱਚਿਆਂ ਨੂੰ ਜ਼ਹਿਰ ਦਿੰਦੀ ਸੀ। ਪੁਲਿਸ ਨੂੰ ਤਲਾਸ਼ੀ ਦੌਰਾਨ ਸਾਬਕਾ ਨਰਸ ਦੇ ਘਰ ਤੋਂ ਨੋਟ ਮਿਲਿਆ ਜਿਸ ਵਿਚ ਲਿਖਿਆ ਸੀ ਕਿ ਮੈਂ ਰਾਖਸ਼ਸ ਹਾਂ। ਮੈਂ ਜੀਊਣ ਦੇ ਲਾਇਕ ਨਹੀਂ ਹਾਂ। ਦੱਸ ਦੇਈਏ ਕਿ ਨਰਸ ਨੂੰ ਇਨ੍ਹੀਂ ਦਿਨੀਂ ਲੰਦਨ ਦੀ ਸਭ ਤੋਂ ਖਤਰਨਾਕ ਬੇਬੀ ਸੀਰੀਅਲ ਕਿਲਰ ਮੰਨਿਆ ਜਾ ਰਿਹਾ ਹੈ। ਦੋਸ਼ੀ ਨਰਸ ਖਿਲਾਫ ਅਕਤੂਬਰ 2022 ਵਿਚ ਮੁਕੱਦਮਾ ਸ਼ੁਰੂ ਕੀਤਾ ਗਿਆ ਸੀ। ਕੋਰਟ ਵਿਚ ਦੱਸਿਆ ਗਿਆ ਕਿ ਨਰਸ ਛੋਟੇ ਬੱਚਿਆਂ ਦੀ ਹੱਤਿਆ ਕਰ ਰਹੀ ਸੀ ਤੇ ਆਪਣੇ ਸਾਥੀਆਂ ਨੂੰ ਇਸ ਨੂੰ ਕੁਦਰਤੀ ਮੌਤ ਦੱਸ ਰਹੀ ਸੀ। ਪਰਿਵਾਰ ਨੇ ਭਰੋਸੇ ਵਿਚ ਲੈ ਕੇ ਉਸ ਨੇ ਬੱਚਿਆਂ ‘ਤੇ ਹਮਲੇ ਕੀਤਾ।