ਈਰਾਨ ਨੇ ਬਲੋਚ ਬਾਗੀਆਂ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ, ਦੋ ਬੱਚਿਆਂ ਦੀ ਮੌਤ, ਤਿੰਨ ਜ਼ਖਮੀ 

ਇਸਲਾਮਾਬਾਦ, 17 ਜਨਵਰੀ : ਈਰਾਨ ਨੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਕੋਹ-ਸਬਜ਼ ਇਲਾਕੇ 'ਚ ਬਲੋਚ ਬਾਗੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਹਮਲੇ 'ਚ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਇਸ ਦੌਰਾਨ ਪਾਕਿਸਤਾਨ ਨੇ ਈਰਾਨ ਦੇ ਹਮਲੇ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਪਾਕਿਸਤਾਨ ਨੇ ਬਲੋਚਿਸਤਾਨ ਸੂਬੇ 'ਚ ਹਮਲੇ ਦੇ ਜਵਾਬ 'ਚ ਈਰਾਨ ਨੂੰ ਗੰਭੀਰ ਨਤੀਜਿਆਂ ਦੀ ਚਿਤਾਵਨੀ ਦਿੱਤੀ ਹੈ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਪਾਕਿਸਤਾਨ ਨੇ ਈਰਾਨ ਦੇ ਅਧਿਕਾਰੀ ਨੂੰ ਤਲਬ ਕੀਤਾ ਹੈ। ਨਾਲ ਹੀ ਈਰਾਨ ਦੇ ਹਮਲੇ ਦੀ ਵੀ ਸਖ਼ਤ ਨਿੰਦਾ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ ਕਿ ਈਰਾਨ ਦੁਆਰਾ ਹਵਾਈ ਖੇਤਰ ਦੀ ਉਲੰਘਣਾ ਕੀਤੀ ਗਈ ਸੀ। ਪਾਕਿਸਤਾਨ ਆਪਣੀ ਪ੍ਰਭੂਸੱਤਾ ਦੀ ਉਲੰਘਣਾ ਦਾ ਸਖ਼ਤ ਵਿਰੋਧ ਕਰਦਾ ਹੈ। ਇਹ ਹਮਲਾ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ ਤੇ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਕਿਹਾ ਹੈ ਕਿ ਅੱਤਵਾਦ ਸਾਰੇ ਦੇਸ਼ਾਂ ਲਈ ਸਾਂਝਾ ਖ਼ਤਰਾ ਹੈ ਜਿਸ 'ਤੇ ਕਾਰਵਾਈ ਦੀ ਲੋੜ ਹੈ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਅਜਿਹੀਆਂ ਇਕਤਰਫਾ ਕਾਰਵਾਈਆਂ ਚੰਗੇ ਗੁਆਂਢੀ ਸਬੰਧਾਂ ਦੇ ਅਨੁਕੂਲ ਨਹੀਂ ਹਨ ਤੇ ਦੁਵੱਲੇ ਵਿਸ਼ਵਾਸ ਨੂੰ ਗੰਭੀਰਤਾ ਨਾਲ ਕਮਜ਼ੋਰ ਕਰ ਸਕਦੀਆਂ ਹਨ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਈਰਾਨ ਨੇ ਪਾਕਿਸਤਾਨ ਵਿਚ ਬਲੋਚ ਵਿਦਰੋਹੀ ਸਮੂਹ ਜੈਸ਼ ਅਲ-ਅਦਲ ਦੇ ਦੋ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਇਹ ਸਮੂਹ ਈਰਾਨ ਦੇ ਦੱਖਣ-ਪੂਰਬ ਵਿਚ ਸਿਸਤਾਨ-ਬਲੂਚਿਸਤਾਨ ਸੂਬੇ ਦੇ ਰਸਕ ਸ਼ਹਿਰ ਵਿਚ ਪੁਲਿਸ ਸਟੇਸ਼ਨ 'ਤੇ ਹਮਲੇ ਲਈ ਜ਼ਿੰਮੇਵਾਰ ਹੈ। ਇਸ ਹਮਲੇ 'ਚ 11 ਪੁਲਿਸ ਮੁਲਾਜ਼ਮ ਮਾਰੇ ਗਏ ਸਨ।