ਪੈਰਿਸ, 18 ਅਕਤੂਬਰ : ਫਰਾਂਸ ਵਿਚ ਬੰਬ ਧਮਾਕਿਆਂ ਦੀ ਧਮਕੀ ਮਿਲਣ ਦੇ ਬਾਅਦ ਹੜਕੰਪ ਮਚ ਗਿਆ ਤੇ ਦੇਸ਼ ਦੇ 6 ਮੁੱਖ ਏਅਰਪੋਰਟ ਖਾਲੀ ਕਰਵਾ ਲਏ ਗਏ। ਉੱਤਰੀ ਫਰਾਂਸ ਦੇ ਲਿਲੀ ਹਵਾਈ ਅੱਡੇ ਨੂੰ ਬੰਬ ਦੇ ਡਰ ਕਾਰਨ ਖਾਲੀ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਏਅਰਪੋਰਟ BFM ਟੀਵੀ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਰਾਹੀਂ ਦਿੱਤੀ ਗਈ। ਪੁਲਿਸ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਸੁਰੱਖਿਆ ਅਲਰਟ ਕਾਰਨ ਬੁੱਧਵਾਰ ਨੂੰ ਟੁਲੂਜ਼, ਨਾਇਸ ਅਤੇ ਲਿਓਨ ਦੇ ਹਵਾਈ ਅੱਡਿਆਂ ਨੂੰ ਵੀ ਖਾਲੀ ਕਰਵਾ ਲਿਆ ਗਿਆ। ਇੰਨਾ ਹੀ ਨਹੀਂ ਮੰਗਲਵਾਰ ਨੂੰ ਫਰਾਂਸ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ 'ਚੋਂ ਇਕ ਵਰਸੇਲਸ ਪੈਲੇਸ ਨੂੰ ਸੁਰੱਖਿਆ ਕਾਰਨਾਂ ਕਰਕੇ ਚਾਰ ਦਿਨਾਂ 'ਚ ਦੂਜੀ ਵਾਰ ਕੁਝ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ। ਦਰਅਸਲ, ਪਿਛਲੇ ਸ਼ੁੱਕਰਵਾਰ ਯਾਨੀ 13 ਅਕਤੂਬਰ ਨੂੰ ਅਰਰਾਸ ਸ਼ਹਿਰ ਵਿੱਚ ਇੱਕ ਇਸਲਾਮਿਕ ਕੱਟੜਪੰਥੀ ਨੇ ਇੱਕ ਅਧਿਆਪਕ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਦੋਂ ਤੋਂ ਫਰਾਂਸ ਵਿਚ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ। ਜਾਂਚ ਦੌਰਾਨ ਪੁਲਿਸ ਨੂੰ ਸ਼ੱਕੀ ਦੇ ਫ਼ੋਨ ਤੋਂ ਆਡੀਓ ਰਿਕਾਰਡਿੰਗ ਮਿਲੀ। ਇਸ ਨੂੰ ਦੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੇ ਇਸਲਾਮਿਕ ਸਟੇਟ (ਆਈਐੱਸ) ਨਾਲ ਸਬੰਧ ਹਨ। ਇਸ ਆਡੀਓ ਕਲਿੱਪ ਵਿੱਚ ਮੁਲਜ਼ਮ ਫਰਾਂਸ ਪ੍ਰਤੀ ਆਪਣੀ ਨਫ਼ਰਤ ਦਾ ਪ੍ਰਗਟਾਵਾ ਕਰ ਰਿਹਾ ਹੈ।