ਕੈਨੇਡਾ ਦੇ ਕਿਊਬਿਕ 'ਚ ਮੱਛੀਆਂ ਫੜਨ ਗਏ ਚਾਰ ਬੱਚਿਆਂ ਦੀ ਡੁੱਬਣ ਨਾਲ ਮੌਤ 

ਕਿਊਬਿਕ, 4 ਜੂਨ : ਕੈਨੇਡਾ ਦੇ ਕਿਊਬਿਕ 'ਚ ਇਕ ਵੱਡਾ ਹਾਦਸਾ ਸਾਹਮਣੇ ਆਇਆ ਹੈ। ਕੈਨੇਡਾ ਦੇ ਕਿਊਬਿਕ 'ਚ ਸ਼ਨੀਵਾਰ ਨੂੰ ਮੱਛੀਆਂ ਫੜਨ ਗਏ ਚਾਰ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਸੀਐਨਐਨ ਦੀ ਇਕ ਰਿਪੋਰਟ ਮੁਤਾਬਕ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਨੂੰ ਕੁਝ ਬੱਚੇ ਨਦੀ 'ਚ ਮੱਛੀਆਂ ਫੜਨ ਗਏ ਸਨ, ਇਸ ਦੌਰਾਨ ਨਦੀ 'ਚ ਤੇਜ਼ ਲਹਿਰਾਂ ਆ ਗਈਆਂ ਤੇ ਉਥੇ ਮੌਜੂਦ ਬੱਚੇ ਇਸ 'ਚ ਫਸ ਗਏ। ਚਾਰ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਿਊਬਿਕ ਪ੍ਰੋਵਿੰਸ਼ੀਅਲ ਪੁਲਿਸ ਦੇ ਬੁਲਾਰੇ ਨੇ ਸੀਐਨਐਨ ਨੂੰ ਦੱਸਿਆ ਕਿ ਉੱਤਰੀ ਤੱਟ 'ਤੇ ਨਦੀ ਦੇ ਕਿਨਾਰੇ ਵਾਲੀ ਨਗਰਪਾਲਿਕਾ ਪੋਰਟਨੇਫ-ਸੁਰ-ਮੇਰ ਵਿਚ ਹਾਦਸੇ ਲਈ ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 2 ਵਜੇ ਬੁਲਾਇਆ ਗਿਆ ਸੀ। ਬੁਲਾਰੇ ਨੇ ਦੱਸਿਆ ਕਿ ਮੱਛੀਆਂ ਫੜਨ ਦੌਰਾਨ ਤੇਜ਼ ਲਹਿਰਾਂ ਦੀ ਲਪੇਟ 'ਚ ਆਉਣ ਕਾਰਨ ਕਰੀਬ 11 ਲੋਕ ਲਾਪਤਾ ਹੋ ਗਏ ਸਨ। ਇਨ੍ਹਾਂ 11 ਵਿੱਚੋਂ ਛੇ ਨੂੰ ਬਚਾ ਲਿਆ ਗਿਆ ਸੀ ਅਤੇ ਪੰਜ ਲੋਕਾਂ ਦਾ ਰਾਤ-ਭਰ ਪਤਾ ਨਹੀਂ ਚੱਲ ਸਕਿਆ। ਬੁਲਾਰੇ ਅਨੁਸਾਰ ਸਵੇਰੇ 6 ਵਜੇ ਦੇ ਕਰੀਬ ਦਸ ਸਾਲ ਤੋਂ ਵੱਧ ਉਮਰ ਦੇ ਚਾਰ ਬੱਚੇ ਬੇਹੋਸ਼ ਪਾਏ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸੀਐਨਐਨ ਦੇ ਅਨੁਸਾਰ ਪੁਲਿਸ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਬੱਚਿਆਂ ਦੀ ਮੌਤ ਹੋ ਗਈ ਸੀ। ਕਿਊਬਿਕ ਪ੍ਰੋਵਿੰਸ਼ੀਅਲ ਪੁਲਿਸ ਦੇ ਅਨੁਸਾਰ, ਇਕ 30 ਸਾਲਾ ਵਿਅਕਤੀ ਅਜੇ ਵੀ ਲਾਪਤਾ ਹੈ ਅਤੇ ਗੋਤਾਖੋਰਾਂ ਵੱਲੋਂ ਇੱਕ ਕਿਸ਼ਤੀ ਅਤੇ ਇੱਕ ਹੈਲੀਕਾਪਟਰ ਦੀ ਮਦਦ ਨਾਲ ਖੋਜ ਜਾਰੀ ਹੈ। ਕਿਊਬਿਕ ਪ੍ਰੋਵਿੰਸ਼ੀਅਲ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।