ਚੀਨ 'ਚ ਟਾਈਫੂਨ ਡੌਕਸਰੀ ਕਾਰਨ ਆਏ ਹੜ੍ਹ,  14 ਲੋਕਾਂ ਦੀ ਮੌਤ 

ਸ਼ੂਲਾਨ, 07 ਅਗਸਤ : ਚੀਨ ਵਿਚ ਭਾਰੀ ਮੀਂਹ ਤੇ ਹੜ੍ਹਾਂ ਨੇ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਚੀਨ 'ਚ ਟਾਈਫੂਨ ਡੌਕਸਰੀ ਕਾਰਨ ਆਏ ਹੜ੍ਹ 'ਚ ਸ਼ੂਲਾਨ ਸ਼ਹਿਰ 'ਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਤਰ-ਪੂਰਬੀ ਚੀਨ, ਬੀਜਿੰਗ ਅਤੇ ਹੇਬੇਈ ਪ੍ਰਾਂਤ ਵਿਚ ਦੋ ਹਫ਼ਤੇ ਪਹਿਲਾਂ ਦੱਖਣੀ ਫੁਜਿਆਨ ਸੂਬੇ ਵਿਚ ਤੂਫ਼ਾਨ ਆਉਣ ਤੋਂ ਬਾਅਦ ਭਾਰੀ ਬਾਰਿਸ਼ ਅਤੇ ਹੜ੍ਹ ਆ ਗਏ ਹਨ। ਇਸ ਦੇ ਨਾਲ ਹੀ ਚੀਨ ਦੇ ਉੱਤਰ-ਪੂਰਬੀ ਜਿਲਿਨ ਸੂਬੇ ਦੇ ਸ਼ੁਲਾਨ 'ਚ ਮੌਤਾਂ ਤੋਂ ਇਲਾਵਾ ਬੀਜਿੰਗ ਅਤੇ ਹੇਬੇਈ 'ਚ 20 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਚੀਨੀ ਅਧਿਕਾਰੀਆਂ ਨੇ ਅਜੇ ਤੱਕ ਦੇਸ਼ ਭਰ ਵਿੱਚ ਮੀਂਹ ਅਤੇ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਨਹੀਂ ਦਿੱਤੀ ਹੈ। ਚੀਨੀ ਸਰਕਾਰੀ ਮੀਡੀਆ ਨੇ ਐਤਵਾਰ ਦੇਰ ਰਾਤ ਦੱਸਿਆ ਕਿ ਸ਼ੂਲਾਨ ਵਿਚ ਮਰਨ ਵਾਲਿਆਂ ਵਿਚ ਸ਼ਹਿਰ ਦੇ ਉਪ ਮੇਅਰ ਸਮੇਤ ਤਿੰਨ ਅਧਿਕਾਰੀ ਸ਼ਾਮਿਲ ਹਨ। ਸ਼ੂਲਾਨ ਸ਼ਹਿਰ ਦੀ ਆਬਾਦੀ ਲਗਭਗ 587,000 ਹੈ। ਸ਼ੂਲਾਨ ਕਸਬੇ ਵਿਚ ਪਾਣੀ ਦਾ ਪੱਧਰ ਸੁਰੱਖਿਅਤ ਪੱਧਰ ਤੋਂ ਉੱਤੇ ਆ ਗਿਆ ਹੈ ਅਤੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣ ਲਈ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ। ਸਰਕਾਰੀ ਮੀਡੀਆ ਨੇ ਦੱਸਿਆ ਕਿ 14,305 ਘਰਾਂ ਨੂੰ ਬਿਜਲੀ ਬਹਾਲ ਕਰ ਦਿੱਤੀ ਗਈ ਹੈ। ਖੇਤਰੀ ਅਧਿਕਾਰੀਆਂ ਨੇ ਦੱਸਿਆ ਕਿ ਉੱਤਰ-ਪੂਰਬੀ ਚੀਨ ਦੀ ਮੁੱਖ ਨਦੀ ਸੋਂਗਹੁਆ ਅਤੇ ਨਾਨਜਿਆਂਗ ਦੀ ਸਹਾਇਕ ਨਦੀ ਖਤਰਨਾਕ ਪੱਧਰ 'ਤੇ ਵਹਿ ਰਹੀ ਹੈ। ਇਸ ਦੇ ਨਾਲ ਹੀ ਬੀਜਿੰਗ ਅਤੇ ਹੇਬੇਈ ਸੂਬੇ ਦੇ ਕਈ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਬਿਜਲੀ ਵੀ ਬਹਾਲ ਕਰ ਦਿੱਤੀ ਗਈ ਹੈ। ਰਾਜ ਪ੍ਰਸਾਰਕ ਸੀਸੀਟੀਵੀ ਨੇ ਕਿਹਾ ਕਿ ਉੱਤਰ-ਪੂਰਬੀ ਪ੍ਰਾਂਤਾਂ ਜਿਲਿਨ, ਹੇਲੋਂਗਜਿਆਂਗ ਅਤੇ ਲਿਓਨਿੰਗ ਵਿਚ ਦੁਬਾਰਾ ਬਿਜਲੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।