ਬੀਜਿੰਗ (ਏਪੀ) : ਚੀਨ ਵਿਚ ਐਤਵਾਰ ਨੂੰ ਕੋਰੋਨਾ ਦੇ ਰਿਕਾਰਡ 40 ਹਜ਼ਾਰ ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਦੇ ਨਾਲ ਹੀ ਜ਼ੀਰੋ ਕੋਵਿਡ ਨੀਤੀ ਤਹਿਤ ਸਰਕਾਰ ਦੀਆਂ ਸਖ਼ਤ ਪਾਬੰਦੀਆਂ ਤੋਂ ਨਾਰਾਜ਼ ਲੋਕਾਂ ਦਾ ਬੀਜਿੰਗ ਸਣੇ ਦੇਸ਼ ਭਰ ਵਿਚ ਪ੍ਰਦਰਸ਼ਨ ਹੋਰ ਤੇਜ਼ ਹੋ ਗਿਆ ਹੈ। ਸ਼ੰਘਾਈ ਵਿਚ ਸ਼ਨਿੱਚਰਵਾਰ ਰਾਤ ਨੂੰ ਵੱਡੀ ਗਿਣਤੀ ਵਿਚ ਲੋਕ ਸੜਕਾਂ ’ਤੇ ਉਤਰ ਆਏ ਅਤੇ ‘ਸ਼ੀ ਜਿਨਪਿੰਗ ਗੱਦੀ ਛੱਡੋ’ ਦੇ ਨਾਅਰੇ ਲਗਾਉਂਦੇ ਦੇਖੇ ਗਏ। ਮੱਧ ਉਰੁਮਕੀ ਰੋਡ ’ਤੇ ਅੱਧੀ ਰਾਤ ਨੂੰ ਇਕੱਠੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਕਾਲੀ ਮਿਰਚ ਸਪਰੇ ਦਾ ਇਸਤੇਮਾਲ ਕੀਤਾ। ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਤਾਜ਼ਾ ਵਿਰੋਧ ਪ੍ਰਦਰਸ਼ਨ ਉਰੁਮਕੀ ਸ਼ਹਿਰ ਵਿਚ ਰਿਹਾਇਸ਼ੀ ਇਮਾਰਤ ਵਿਚ ਵੀਰਵਾਰ ਰਾਤ ਨੂੰ ਲੱਗੀ ਅੱਗ ਨਾਲ 10 ਲੋਕਾਂ ਦੀ ਮੌਤ ਤੋਂ ਬਾਅਦ ਹੋਰ ਭੜਕ ਗਿਆ। ਮੀਡੀਆ ਰਿਪੋਰਟਾਂ ਮੁਤਾਬਕ, ਲੋਕਾਂ ਦੀ ਮੌਤ ਪਿੱਛੇ ਪਾਬੰਦੀਆਂ ਕਾਰਨ ਹਨ, ਜਿਸ ਕਾਰਨ ਲੋਕਾਂ ਨੂੰ ਸਮੇਂ ਸਿਰ ਇਲਾਜ ਨਾ ਮਿਲਣਾ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਚੀਨ ਵਿਚ ਕੋਰੋਨਾ ਪਾਬੰਦੀਆਂ ਦੇ ਕਾਰਨ ਲੱਖਾਂ ਲੋਕ ਘਰਾਂ ਵਿਚ ਕੈਦ ਹਨ।
ਬਲੈਂਕ ਸ਼ੀਟ ਬਣੀ ਵਿਰੋਧ ਪ੍ਰਦਰਸ਼ਨ ਦਾ ਪ੍ਰਤੀਕ
ਪ੍ਰਸਾਰਿਤ ਹੋ ਰਹੇ ਇਕ ਵੀਡੀਓ ਵਿਚ ਬੀਜਿੰਗ ਦੇ ਸ਼ਿਘੁਆ ਯੂਨੀਵਰਸਿਟੀ ਕੰਪਲੈਕਸ ਵਿਚ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀਆਂ ਨੇ ਵਿਰੋਧ ਦਾ ਪ੍ਰਤੀਕ ਬਣ ਚੁੱਕੀ ‘ਕੋਰੇ ਕਾਗਜ਼ ਦੀ ਸ਼ੀਟ’ ਚੁੱਕੀ ਹੋਈ ਸੀ। ਉੱਥੇ, ਸ਼ੰਘਾਈ ਵਿਚ ਲੋਕ ‘ਸ਼ੀ ਜਿਨਪਿੰਗ ਗੱਦੀ ਛੱਡੋ, ਕਮਿਊਨਿਸਟ ਪਾਰਟੀ ਅਹੁਦਾ ਛੱਡੋ’ ਵਰਗੇ ਨਾਅਰੇ ਲਗਾ ਰਹੇ ਸਨ। ਕਹਿ ਰਹੇ ਸਨ ਕਿ ਉਹ ਪੀਸੀਆਰ ਟੈਸਟ ਨਹੀਂ ਕਰਵਾਉਣਾ ਚਾਹੁੰਦੇ।
ਆਲੋਚਨਾ ਤੋਂ ਬਚਣ ਲਈ ਡਿਲੀਟ ਕੀਤੇ ਗਏ ਵੀਡੀਓ
ਸਰਕਾਰ ਨੇ ਆਲੋਚਨਾ ਤੋਂ ਬਚਣ ਲਈ ਇੰਟਰਨੈੱਟ ਮੀਡੀਆ ’ਤੇ ਪੋਸਟ ਕੀਤੇ ਗਏ ਤਮਾਮ ਵੀਡੀਓ ਡਿਲੀਟ ਕਰ ਦਿੱਤੇ ਹਨ। ਝਾਓ ਨਾਮ ਦੇ ਇਕ ਪ੍ਰਦਰਸ਼ਨਕਾਰੀ ਨੇ ਦੱਸਿਆ ਕਿ ਉਸ ਦੇ ਇਕ ਦੋਸਤ ਨੂੰ ਪੁਲਿਸ ਨੇ ਕੁੱਟਿਆ ਅਤੇ ਦੋ ਦੋਸਤਾਂ ’ਤੇ ਕਾਲੀ ਮਿਰਚ ਦਾ ਛਿੜਕਾਅ ਕੀਤਾ ਗਿਆ। ਉਸ ਨੂੰ ਵੀ ਪੈਰ ਫੜ ਕੇ ਘਸੀਟਿਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਪੁਲਿਸ ਬਲ ਮੌਜੂਦ ਸੀ। ਉੱਥੇ, ਮਿ੍ਰਤਕਾਂ ਦੀ ਗਿਣਤੀ ਬਾਰੇ ਆਨਲਾਈਨ ਗ਼ਲਤ ਜਾਣਕਾਰੀ ਫੈਲਾਉਣ ਦੇ ਦੋਸ਼ ਵਿਚ ਇਕ 24 ਸਾਲਾ ਕੁੜੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।