ਫਰਿਜ਼ਨੋ : ਸਿੱਖ ਕੌਸ਼ਲ ਆਫ ਸੈਂਟਰਲ ਕੈਲੀਫੋਰਨੀਆਂ ਦੇ ਸਮੂੰਹ ਮੈਂਬਰਾਂ ਦੀ ਮਹੀਨੇਵਾਰ ਵਿਸ਼ੇਸ਼ ਮੀਟਿੰਗ “ਗੁਰੂ ਨਾਨਕ ਸਿੰਘ ਟੈਂਪਲ ਸਨਵਾਕੀਨ” ਵਿਖੇ ਹੋਈ। ਮੀਟਿੰਗ ਦੀ ਸੁਰੂਆਤ ਨਿਯਤ ਮਰਿਯਾਦਾ ਅਨੁਸਾਰ ਮੂਲ ਮੰਤਰ ਦੇ ਜਾਪ ਨਾਲ ਕੀਤੀ ਗਈ। ਇਸ ੳਪਰੰਤ ਦਿੱਲੀ ਅਤੇ ਭਾਰਤ ਦੇ ਹੋਰ ਵੱਖ-ਵੱਖ ਹਿੱਸਿਆਂ ਵਿੱਚ ਨਵੰਬਰ 1984 ਦੇ ਸਿੱਖ ਨਸਲਕੁਸ਼ੀ ਦੇ ਨਿਰਦੋਸ਼ ਪੀੜਤਾਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸੇ ਤਰਾਂ ਹਾਜ਼ਰੀਨ ਵੱਲੋਂ ਬਹੁ-ਪੱਖੀ ਸ਼ਖ਼ਸੀਅਤ ਫਰਿਜ਼ਨੋ ਨਿਵਾਸੀ ਸਾਇੰਸਦਾਨ ਡਾ. ਗੁਰਮੇਲ ਸਿੰਘ ਸਿੱਧੂ ਨੂੰ ਵੀ ਯਾਦ ਕਰਦੇ ਹੋਏ ਸਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਸਮੇਂ ਸ. ਸੁਖਦੇਵ ਸਿੰਘ ਚੀਮਾ ਨੇ ਫਰਿਜ਼ਨੋ ਸਿਟੀ ਦੀ ਕੌਂਸਲ ਦੇ ਸਪੂਰਨ ਸਹਿਯੋਗ ਅਤੇ ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਵੱਲੋਂ ਨਵੰਬਰ 2022 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ (ਗੁਰਪੁਰਬ) ਦੀ ਯਾਦ ਵਿੱਚ ਨਵੰਬਰ 2022 ਨੂੰ ‘ਸਿੱਖ ਵਿਰਾਸਤੀ ਮਹੀਨੇ’ ਵਜੋਂ ਮਨਾਉਣ ਦਾ ਐਲਾਨਨਾਮਾ ਜਾਰੀ ਕਰਨ ਬਾਰੇ ਵੀ ਮੈਂਬਰਾਂ ਨਾਲ ਜਾਣਕਾਰੀ ਸਾਂਝੀ ਕੀਤੀ। ਸਿੱਖ ਕੌਂਸ਼ਲ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੁਆਰਾ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ, ਇੱਥੋਂ ਦੇ ਸਥਾਨਕ ਭਾਈਚਾਰਿਆਂ ਲਈ ਕਾਰਜਕਾਰੀ ਕਮੇਟੀ ਦੁਆਰਾ ਅੰਤਿਮ ਰੂਪ ਦਿੱਤੇ ਪ੍ਰੋਗਰਾਮ ਨੂੰ ਪ੍ਰਵਾਨਗੀ ਦਿੱਤੀ। ਜੋ ਕਿ ਗੁਰਦੁਆਰਾ ਗੁਰੂ ਸਿੰਘ ਸਭਾ ਫਰਿਜ਼ਨੋ ਵਿਖੇ ਸ਼ਨੀਵਾਰ 07 ਜਨਵਰੀ, 2023 ਨੂੰ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੁਰੂਘਰਾ ਦੇ ਪ੍ਰਬੰਧਾ ਬਾਰੇ ਵਿਚਾਰਾ ਹੋਈਆਂ।ਮੀਟਿੰਗ ਦੀ ਪ੍ਰਧਾਨਗੀ ਕੌਂਸਲ ਦੇ ਜਨਰਲ ਸਕੱਤਰ ਸ੍ਰ: ਸੁਖਦੇਵ ਸਿੰਘ ਚੀਮਾ ਨੇ ਕੀਤੀ। ਜਦ ਕਿ ਕੌਂਸਲ ਦੇ ਹੋਰ ਮੈਂਬਰਾਂ ਵਿੱਚ ਸ. ਰਾਜਵਿੰਦਰ ਪਾਲ ਸਿੰਘ ਬਰਾੜ ਐਸੋਸੀਏਟ ਸਕੱਤਰ, ਸ. ਗੁਰਬਚਨ ਸਿੰਘ ਖਜ਼ਾਨਚੀ, ਸ. ਗੁਰਜੰਟ ਸਿੰਘ ਗਿੱਲ ਐਸੋਸੀਏਟ ਖਜ਼ਾਨਚੀ ਅਤੇ ਬਾਕੀ ਗੁਰੂਘਰਾ ਦੇ ਮੈਂਬਰ ਹਾਜ਼ਰ ਸਨ।