ਟਰਾਂਟੋ : ਕੈਨੇਡਾ ਦੀ ਅਦਾਲਤ ਨੇ ਇੱਕ ਪੰਜਾਬੀ ਨੌਜਵਾਨ ਨੂੰ ਕਤਲ ਦੇ ਦੋਸ਼ ਵਿੱਚ 7 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੋਸ਼ੀ ਨੌਜਵਾਨ ਨੇ ਅਗਸਤ 2017 ਵਿੱਚ ਪੰਜਾਬੀ ਮਹਿਲਾ ਦੋਸਤ ਦਾ ਕਤਲ ਕਰ ਦਿੱਤਾ ਸੀ। ਇੰਨਾ ਹੀ ਨਹੀਂ ਉਸ ਵੱਲੋਂ ਗੁਨਾਹ ਛੁਪਾਉਣ ਲਈ ਲਾਸ਼ ਨੂੰ ਸਾੜ ਦਿੱਤਾ ਗਿਆ ਸੀ। ਅਦਾਲਤ ਦਾ ਮੰਨਣਾ ਹੈ ਕਿ ਦੋਸ਼ੀ ਨੌਜਵਾਨ ਨਸ਼ੇ ਦਾ ਕਾਰੋਬਾਰ ਵੀ ਕਰਦਾ ਸੀ।ਹਾਸਲ ਜਾਣਕਾਰੀ ਮੁਤਾਬਕ ਪ੍ਰੇਮਿਕਾ ਦੀ ਹੱਤਿਆ ਕਰਕੇ ਉਸ ਦੀ ਲਾਸ਼ ਸਾੜਨ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ-ਕੈਨੇਡੀਅਨ ਹਰਜੋਤ ਸਿੰਘ ਦਿਓ ਨੂੰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸੀਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਪਹਿਲੀ ਅਗਸਤ, 2017 ’ਚ ਗਲਤੀ ਨਾਲ ਭਵਕਿਰਨ ਢੇਸੀ (19) ਦੇ ਸਿਰ ’ਚ ਗੋਲੀ ਲੱਗ ਗਈ ਸੀ। ਸਰੀ ’ਚ ਇਹ ਘਟਨਾ ਦਿਓ ਦੇ ਮਾਪਿਆਂ ਦੇ ਘਰ ਵਾਪਰੀ ਸੀ ਅਤੇ ਜਦੋਂ ਉਹ ਆਪਣੀ ਜੇਬ ’ਚੋਂ ਪਿਸਤੌਲ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ’ਚੋਂ ਅਚਾਨਕ ਗੋਲੀ ਚੱਲ ਗਈ ਸੀ। ਦਿਓ ਨੇ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਨਹੀਂ ਦਿੱਤੀ ਸਗੋਂ ਉਹ ਲਾਸ਼ ਨੂੰ ਆਪਣੀ ਗੱਡੀ ’ਚ ਰੱਖ ਕੇ ਸੁੰਨਸਾਨ ਸੜਕ ’ਤੇ ਚਲਾ ਗਿਆ। ਇਸ ਮਗਰੋਂ ਉਸ ਨੇ ਗੱਡੀ ਨੂੰ ਅੱਗ ਲਗਾ ਦਿੱਤੀ। ਜਦੋਂ ਅੱਗ ਬੁਝਾਊ ਅਮਲਾ ਉਥੇ ਪਹੁੰਚਿਆ ਤਾਂ ਉਸ ਨੂੰ ਗੱਡੀ ਦੀ ਪਿਛਲੀ ਸੀਟ ’ਤੇ ਢੇਸੀ ਦੀ ਲਾਸ਼ ਮਿਲੀ।