ਕਾਠਮੰਡੂ, 23 ਅਗਸਤ : ਨੇਪਾਲ ਦੇ ਜਿਲ੍ਹਾ ਧਾਡਿੰਗ ਵਿੱਚ ਇੱਕ ਬੱਸ ਨਦੀ ਵਿੱਚ ਡਿੱਗ ਜਾਣ ਕਰਕੇ 8 ਲੋਕਾਂ ਦੀ ਮੌਤ ਅਤੇ 19 ਦੇ ਜਖ਼ਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਕਾਠਮੰਡੂ ਤੋਂ ਬੇਨੀ ਜਾ ਰਹੀ ਇੱਕ ਯਾਤਰੀ ਬੱਸ ਤ੍ਰਿਸ਼ੂਲੀ ਨਦੀ ਵਿੱਚ ਡਿੱਗ ਗਈ, ਜਿਸ ਕਾਰਨ 8 ਲੋਕਾਂ ਦੀ ਮੌਤ ਅਤੇ 19 ਗੰਭੀਰ ਜਖ਼ਮੀ ਹੋ ਗਏ। ਧਾਡਿੰਗ ਦੇ ਐਸਪੀ ਗੌਤਮ ਮਿਸ਼ਰਾ ਨੇ ਦੱਸਿਆ ਕਿ ਇਹ ਹਾਦਸਾ ਗਜੂਰੀ ਝਰਨੇ ਦੇ ਨੇੜੇ ਵਾਪਰਿਆ, ਬੱਸ ਸੜਕ ਤੋਂ ਉੱਤਰ ਗਈ ਤੇ ਤ੍ਰਿਸ਼ੂਲੀ ਨਦੀ ਵਿੱਚ ਜਾ ਡਿੱਗੀ, ਉਨ੍ਹਾਂ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ ਅਤੇ ਕਈ ਲੋਕਾਂ ਨੂੰ ਬਚਾਇਆ ਵੀ ਜਾ ਚੁੱਕਾ ਹੈ। ਗਜੂਰੀ ਗ੍ਰਾਮੀਣ ਨਗਰ ਪਾਲਿਕਾ ਦੀ ਉਪ-ਪ੍ਰਧਾਨ ਸ਼ਰਮੀਲਾ ਬਿਸੁਰਾਲ ਨੇ ਕਿਹਾ ਕਿ ਅੱਧੀ ਬੱਸ ਪਾਣੀ ਵਿਚ ਡੁੱਬ ਗਈ ਹੈ, ਕਈ ਲੋਕਾਂ ਨੂੰ ਬਚਾਇਆ ਗਿਆ ਹੈ, ਆਸਪਾਸ ਦੇ ਲੋਕ ਵੀ ਮਦਦ ਲਈ ਅੱਗੇ ਆਏ ਹਨ। ਬੱਸ ਵਿੱਚ ਕਿੰਨੇ ਸਵਾਰੀਆਂ ਮੌਜੂਦ ਸਨ, ਇਸ ਬਾਰੇ ਪੁਲਿਸ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਪੁਲਿਸ ਮੁਤਾਬਕ 25 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ, ਪਰ 13 ਲੋਕਾਂ ਨੂੰ ਅਗਲੇ ਇਲਾਜ ਲਈ ਕਾਠਮੰਡੂ ਭੇਜਿਆ ਗਿਆ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਕਿ ਬੱਸ ਬੁੱਧਵਾਰ ਸਵੇਰੇ ਧਾਡਿੰਗ ਜ਼ਿਲ੍ਹੇ ਵਿੱਚ ਤ੍ਰਿਸ਼ੂਲੀ ਨਦੀ ਵਿੱਚ ਡਿੱਗ ਗਈ। ਬੱਸ ਦੀ ਰਫ਼ਤਾਰ ਤੇਜ਼ ਸੀ ਅਤੇ ਡਰਾਈਵਰ ਬੱਸ 'ਤੇ ਕਾਬੂ ਨਹੀਂ ਰੱਖ ਸਕਿਆ। ਜ਼ਿਲ੍ਹਾ ਪੁਲਿਸ ਦਫ਼ਤਰ ਧਾਡਿੰਗ ਦੇ ਸੁਪਰਡੈਂਟ ਗੌਤਮ ਮਿਸ਼ਰਾ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਹੁਣ ਤੱਕ 8 ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।