ਕੁਈਨਜ਼ਲੈਂਡ, 5 ਅਗਸਤ : ਆਸਟ੍ਰੇਲੀਆ ਦੇ ਕੁਈਨਜ਼ਲੈਂਡ ਰਾਜ ਦੀ ਇਕ ਅਦਾਲਤ ਨੇ ਉਸ ਕਾਨੂੰਨ ਨੂੰ ਪਲਟ ਦਿੱਤਾ ਹੈ ਜਿਸ ਵਿਚ ਸਿੱਖ ਵਿਦਿਆਰਥੀਆਂ ਨੂੰ ਸਕੂਲ ਵਿਚ ਕਿਰਪਾਨ ਪਹਿਨਣ 'ਤੇ ਪਾਬੰਦੀ ਲਗਾਈ ਗਈ ਸੀ। ਨਾਲ ਹੀ ਅਦਾਲਤ ਨੇ ਕਿਹਾ ਕਿ ਨਸਲੀ ਭੇਦਭਾਵ ਐਕਟ ਦੇ ਤਹਿਤ ਪਾਬੰਦੀ ਲਗਾਉਣਾ ਗੈਰ-ਸੰਵਿਧਾਨਕ ਹੈ। ਦੱਸ ਦਈਏ ਕਿ ਕੁਈਨਜ਼ਲੈਂਡ ਦੀ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਨਸਲੀ ਭੇਦਭਾਵ ਐਕਟ ਦੇ ਤਹਿਤ ਪਾਬੰਦੀ ਗੈਰ-ਸੰਵਿਧਾਨਕ ਹੈ। ਹੁਣ ਇਸ ਫੈਸਲੇ ਮਗਰੋਂ ਬੱਚੇ ਸਕੂਲਾਂ ਵਿਚ ਸਿਰੀ ਸਾਹਿਬ ਪਹਿਨ ਕੇ ਜਾ ਸਕਦੇ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੌਟਸ ਲਾਇਰਜ਼ ਕੁਈਨਜ਼ਲੈਂਡ ਦੇ ਬਿਲ ਪੋਟਸ ਨੇ ਕਿਹਾ ਕਿ ਅਸਲ ਕਾਨੂੰਨ ਦਾ ਮਤਲਬ ਸੀ ਕਿ ਸਿੱਖ ਸਕੂਲ ’ਚ ਨਹੀਂ ਜਾ ਸਕਦੇ ਅਤੇ ਆਪਣੇ ਧਰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਅ ਵੀ ਨਹੀਂ ਸਕਦੇ ਸੀ। ਪੋਟਸ ਨੇ ਇਹ ਵੀ ਕਿਹਾ ਕਿ ਕਾਨੂੰਨ ’ਚ ਬਦਲਾਅ ਤੋਂ ਬਾਅਦ ਆਸਥਾ ਦਾ ਵਿਸ਼ਵਾਸ ਕਰਨ ਵਾਲਿਆਂ ਦੀ ਜਿੱਤ ਹੋਈ ਹੈ ਅਤੇ ਇਹ ਇੱਕ ਵੱਡਾ ਕਦਮ ਹੈ। ਦੱਸ ਦਈਏ ਕਿ ਆਸਟ੍ਰੇਲੀਅਨ ਸਿੱਖ ਔਰਤ ਕਮਲਜੀਤ ਕੌਰ ਅਠਵਾਲ ਨੇ ਪਿਛਲੇ ਸਾਲ ਰਾਜ ਸਰਕਾਰ ਨੂੰ ਅਦਾਲਤ ਵਿੱਚ ਲੈ ਗਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਹਥਿਆਰ ਐਕਟ ਵਿੱਚ ਉਸ ਦੇ ਧਰਮ ਦੀ ਰਸਮੀ ਕਿਰਪਾਨ ਨੂੰ ਨਾਲ ਰੱਖਣ ਨਾਲ ਵਿਤਕਰਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਬੱਚਿਆਂ ਨੂੰ ਸਕੂਲਾਂ ’ਚ ਆਪਣੇ ਧਾਰਮਿਕ ਚਿੰਨ੍ਹ ਵਜੋਂ ਕਿਰਪਾਨ ਨੂੰ ਪਹਿਨਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਹਾਲਾਂਕਿ ਇੱਕ ਸ਼ੁਰੂਆਤੀ ਅਦਾਲਤੀ ਫੈਸਲੇ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਇਹ ਐਕਟ ਪੱਖਪਾਤੀ ਸੀ ਪਰ ਬਾਅਦ ’ਚ ਅਦਾਲਤ ਨੇ ਇਸ ਮਾਮਲੇ ਸਬੰਧੀ ਗੌਰ ਕੀਤਾ ਅਤੇ ਹੁਣ ਸਿੱਖ ਭਾਈਚਾਰੇ ਦੀ ਜਿੱਤ ਹੋਈ ਹੈ।