ਵਜ਼ੀਰਿਸਤਾਨ 'ਚ ਫ਼ੌਜ ਨੇ 5 ਅੱਤਵਾਦੀਆਂ ਨੂੰ ਮੌਤ ਮੌਤ ਦੇ ਘਾਟ ਉਤਾਰਿਆ 

ਵਜ਼ੀਰਿਸਤਾਨ, 30 ਦਸੰਬਰ : ਪਾਕਿਸਤਾਨੀ ਫੌਜ ਨੇ ਖੈਬਰ ਪਖਤੂਨਖਵਾ ਦੇ ਉੱਤਰੀ ਵਜ਼ੀਰਿਸਤਾਨ ਜ਼ਿਲੇ ਦੇ ਮੀਰ ਅਲੀ ਇਲਾਕੇ 'ਚ ਖੁਫੀਆ ਆਧਾਰਿਤ ਕਾਰਵਾਈ 'ਚ 5 ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦੇਣ ਦੀ ਖਬਰ ਹੈ। ਇੰਟਰ-ਸਰਵਿਸ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਨੇ ਕਿਹਾ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ 'ਤੇ ਮੀਰ ਅਲੀ ਇਲਾਕੇ 'ਚ ਬਲਾਂ ਨੇ ਮੁਹਿੰਮ ਚਲਾਈ। ਫੌਜ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ, ''ਆਪਰੇਸ਼ਨ ਦੌਰਾਨ ਭਾਰੀ ਗੋਲੀਬਾਰੀ ਹੋਈ ਅਤੇ ਉਨ੍ਹਾਂ ਦੇ ਕਮਾਂਡਰ ਰਹਿਜ਼ੈਬ ਖੌਰੀ ਸਮੇਤ ਪੰਜ ਅੱਤਵਾਦੀ ਮਾਰੇ ਗਏ। ਪਾਕਿਸਤਾਨੀ ਫ਼ੌਜ ਨੇ ਅੱਗੇ ਕਿਹਾ ਕਿ ਮਾਰੇ ਗਏ ਅੱਤਵਾਦੀ ਸੁਰੱਖਿਆ ਬਲਾਂ ਦੇ ਖਿਲਾਫ ਕਈ ਅੱਤਵਾਦੀ ਗਤੀਵਿਧੀਆਂ ਦੇ ਨਾਲ-ਨਾਲ ਫਿਰੌਤੀ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਹੱਤਿਆਵਾਂ ਵਿੱਚ ਸਰਗਰਮੀ ਨਾਲ ਸ਼ਾਮਲ ਸਨ। ਆਪਰੇਸ਼ਨ ਦੌਰਾਨ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਆਈਐਸਪੀਆਰ ਮੁਤਾਬਕ ਇਲਾਕੇ ਦੇ ਸਥਾਨਕ ਲੋਕਾਂ ਨੇ ਇਸ ਆਪਰੇਸ਼ਨ ਦੀ ਸ਼ਲਾਘਾ ਕੀਤੀ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਪਾਬੰਦੀਸ਼ੁਦਾ ਅੱਤਵਾਦੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਪਿਛਲੇ ਸਾਲ ਸਰਕਾਰ ਦੇ ਨਾਲ ਆਪਣੀ ਜੰਗਬੰਦੀ ਖਤਮ ਕਰਨ ਤੋਂ ਬਾਅਦ, ਪਾਕਿਸਤਾਨ ਨੇ ਹਾਲ ਹੀ ਦੇ ਮਹੀਨਿਆਂ ਵਿਚ, ਖਾਸ ਤੌਰ 'ਤੇ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਵਿਚ ਅੱਤਵਾਦੀ ਗਤੀਵਿਧੀਆਂ ਵਿਚ ਵਾਧਾ ਦੇਖਿਆ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਇਕ ਹੀ ਦਿਨ ਦੋ ਵੱਖ-ਵੱਖ ਘਟਨਾਵਾਂ 'ਚ ਪਾਕਿਸਤਾਨੀ ਫੌਜ ਦੇ ਕਰੀਬ 25 ਜਵਾਨ ਸ਼ਹੀਦ ਹੋ ਗਏ ਸਨ। ਇਸ ਵਿੱਚ ਡੇਰਾ ਇਸਮਾਈਲ ਖਾਨ ਵਿੱਚ ਇੱਕ ਅੱਤਵਾਦੀ ਹਮਲਾ, ਜਿਸ ਵਿੱਚ 23 ਸੈਨਿਕਾਂ ਦੀ ਮੌਤ ਹੋ ਗਈ ਸੀ, ਅਤੇ ਕੋਲਾਚੀ ਅਤੇ ਦਾਰਾਜਿੰਡਾ ਖੇਤਰਾਂ ਵਿੱਚ ਇੱਕ ਫੌਜੀ ਕਾਰਵਾਈ ਸ਼ਾਮਲ ਸੀ।