ਅਮਰੀਕੀ ਸਰਕਾਰ ਨੇ ਭਾਰਤ ਦੀਆਂ ਚੋਰੀ ਹੋਈਆਂ 100 ਤੋਂ ਵੱਧ ਪੁਰਾਣੀਆਂ ਮੂਰਤੀਆਂ ਵਾਪਸ ਕਰਨ ਦਾ ਫੈਸਲਾ ਲਿਆ ਹੈ : ਪੀਐੱਮ ਮੋਦੀ

ਵਾਸ਼ਿੰਗਟਨ, 24 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੀ ਆਪਣੀ ਪਹਿਲੀ ਯਾਤਰਾ ਖਤਮ ਕਰਦੇ ਹੋਏ ਕਿਹਾ ਕਿ ਭਾਰਤ-ਅਮਰੀਕਾ ਸਬੰਧਾਂ ਦੀ ਇਕ ਨਵੀਂ, ਗੌਰਵਮਈ ਯਾਤਰਾ ਸ਼ੁਰੂ ਹੋ ਗਈ ਹੈ ਤੇ ਦੁਨੀਆ ਦੇ ਦੋ ਮਹਾਨ ਲੋਕਤੰਤਰਾਂ ਨੂੰ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਹੋਏ ਦੇਖ ਰਹੀ ਹੈ। ਵਾਸ਼ਿੰਗਟਨ ਸਥਿਤ ਰੋਨਾਲਡ ਰੀਗਨ ਬਿਲਡਿੰਗ ਐਂਡ ਇੰਟਰਨੈਸ਼ਨਲ ਟ੍ਰੇਡ ਸੈਂਟਰ ਵਿਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਭਾਰਤ-ਅਮਰੀਕਾ ਵਿਚ ਸਾਂਝੇਦਾਰੀ ਦੀ ਪੂਰਨ ਸਮਰੱਥਾ ਅਜੇ ਤੱਕ ਸਾਕਾਰ ਨਹੀਂ ਹੋਈ ਹੈ ਤੇ ਦੋਵੇਂ ਦੇਸ਼ਾਂ ਦੇ ਸਬੰਧ 21ਵੀਂ ਸਦੀ ਵਿਚ ਦੁਨੀਆ ਨੂੰ ਫਿਰ ਤੋਂ ਬੇਹਤਰ ਬਣਾਉਣ ‘ਤੇ ਕੇਂਦਰਿਤ ਹਨ। ਪੀਐੱਮ ਮੋਦੀ ਨੇ ਕਿਹਾ ਕਿ ਅਮਰੀਕੀ ਸਰਕਾਰ ਨੇ ਭਾਰਤ ਦੀਆਂ 100 ਤੋਂ ਵੱਧ ਪੁਰਾਣੀਆਂ ਮੂਰਤੀਆਂ ਜੋ ਚੋਰੀ ਹੋਈਆਂ ਸਨ, ਨੂੰ ਵਾਪਸ ਕਰਨ ਦਾ ਫੈਸਲਾ ਲਿਆ ਹੈ। ਇਹ ਪੁਰਾਣੀਆਂ ਚੀਜ਼ਾਂ ਸਾਲਾਂ ਪਹਿਲਾਂ ਕੌਮਾਂਤਰੀ ਬਾਜ਼ਾਰ ਵਿਚ ਪਹੁੰਚ ਗਈਆਂ ਸਨ। ਇਹ ਚੀਜ਼ਾਂ ਨੂੰ ਵਾਪਸ ਕਰਨ ਲਈ ਅਮਰੀਕੀ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਹਨ। ਕਿਸੇ ਦੂਜੇ ਦੇਸ਼ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਨਾਲ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਮਿਲਦੀ ਹੈ। ਪਿਛਲੀ ਵਾਰ ਵੀ ਮੈਨੂੰ ਬਹੁਤ ਸਾਰੀਆਂ ਇਤਿਹਾਸਕ ਚੀਜ਼ਾਂ ਵਾਪਸ ਕੀਤੀਆਂ ਗਈਆਂ ਸਨ। ਮੈਂ ਦੁਨੀਆ ਵਿਚ ਜਿਥੇ ਵੀ ਜਾਂਦਾ ਹਾਂ ਉਥੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਸਹੀ ਵਿਅਕਤੀ ਹੈ।ਇਸ ਨੂੰ ਸਪੁਰਦ ਕਰੋ। ਸਹੀ ਜਗ੍ਹਾ ਲੈ ਕੇ ਜਾਵੇਗਾ। ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਲੋਕਤੰਤਰ ਦੀ ‘ਜਨਨੀ’ ਹੈ ਤਾਂ ਅਮਰੀਕਾ ਆਧੁਨਿਕ ਲੋਕਤੰਤਰ ਦਾ ‘ਚੈਂਪੀਅਨ’ ਹੈ ਤੇ ਦੁਨੀਆ ਇਨ੍ਹਾਂ ਦੋ ਮਹਾਨ ਲੋਕਤੰਤਰਾਂ ਦੇ ਵਿਚ ਦੋ ਪੱਖੀ ਰਿਸ਼ਤਿਆਂ ਨੂੰ ਮਜ਼ਬੂਤ ਹੁੰਦਾ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਦੋਵੇਂ ਦੇਸ਼ਾਂ ਦੇ ਸਬੰਧਾਂ ਦੀ ਅਸਲੀ ਸਮਰੱਥਾ ਨੂੰ ਸਾਕਾਰ ਕਰਨ ਵਿਚ ਵੱਡੀ ਭੂਮਿਕਾ ਨਿਭਾਏਗਾ ਤੇ ਇਹ ਭਾਰਤ ਵਿਚ ਵਧ ਤੋਂ ਵੱਧ ਨਿਵੇਸ਼ ਕਰਨ ਦਾ ਸਹੀ ਸਮਾਂ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਨਾ ਸਿਰਫ ਨੀਤੀਆਂ ਤੇ ਸਮਝੌਤੇ ਤਿਆਰ ਕਰ ਰਹੇ ਹਾਂ ਸਗੋਂ ਅਸੀਂ ਜੀਵਨ, ਸੁਪਨਿਆਂ ਤੇ ਨੀਤੀਆਂ ਨੂੰ ਵੀ ਆਕਾਰ ਦੇ ਰਹੇ ਹਾਂ।