ਮਿਸਰ ਦੇ ਲਾਲ ਸਾਗਰ ਵਿੱਚ ਪਣਡੁੱਬੀ ਦੇ ਡੁੱਬਣ ਨਾਲ 6 ਲੋਕਾਂ ਦੀ ਮੌਤ, 4 ਦੀ ਹਾਲਤ ਨਾਜ਼ੁਕ 

ਹੁਰਗਹਾਡਾ, 27 ਮਾਰਚ 2025 : ਮਿਸਰ ਦੇ ਲਾਲ ਸਾਗਰ ਵਿੱਚ ਹੁਰਗਹਾਡਾ ਸ਼ਹਿਰ ਦੇ ਤੱਟ 'ਤੇ ਇੱਕ ਸੈਲਾਨੀ ਪਣਡੁੱਬੀ ਦੇ ਡੁੱਬਣ ਨਾਲ ਛੇ ਲੋਕਾਂ ਦੀ ਮੌਤ ਦਾ ਖਦਸ਼ਾ ਹੈ। ਇਹ ਹਾਦਸਾ ਹੁਰਘਾਡਾ ਨੇੜੇ ਵਾਪਰਿਆ। ਘਟਨਾ ਤੋਂ ਬਾਅਦ ਕਈ ਐਂਬੂਲੈਂਸਾਂ ਨੂੰ ਮੌਕੇ 'ਤੇ ਭੇਜਿਆ ਗਿਆ। ਜਾਣਕਾਰੀ ਮੁਤਾਬਕ ਇਸ ਹਾਦਸੇ 'ਚ 9 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 4 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 29 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਘਟਨਾ ਤੋਂ ਤੁਰੰਤ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਮਿਸਰ ਦੀ ਜਲ ਸੈਨਾ, ਤੱਟ ਰੱਖਿਅਕ ਅਤੇ ਬਚਾਅ ਦਲ ਮੌਕੇ 'ਤੇ ਪਹੁੰਚ ਗਏ ਹਨ। ਜ਼ਖਮੀ ਯਾਤਰੀਆਂ ਨੂੰ ਨੇੜਲੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਦੁਪਹਿਰ ਕਰੀਬ 1 ਵਜੇ ਹੁਰਘਾਡਾ ਬੰਦਰਗਾਹ ਨੇੜੇ ਵਾਪਰਿਆ। ਰੂਸੀ ਦੂਤਘਰ ਨੇ ਪੁਸ਼ਟੀ ਕੀਤੀ ਹੈ ਕਿ ਡੁੱਬੀ ਪਣਡੁੱਬੀ ਸਿੰਦਬਾਦ ਹੋਟਲ ਦੀ ਸੀ। ਜਹਾਜ਼ ਵਿੱਚ 45 ਰੂਸੀ ਸੈਲਾਨੀ, ਉਨ੍ਹਾਂ ਦੇ ਬੱਚੇ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਸਾਰੇ ਯਾਤਰੀ ਰੂਸੀ ਟਰੈਵਲ ਕੰਪਨੀ “ਬਿਬਲੀਓ ਗਲੋਬਸ” ਅਤੇ ਇਸ ਦੇ ਮਿਸਰੀ ਭਾਈਵਾਲ “ਬਿਬਲੀਓ ਗਲੋਬਸ ਇਜਿਪਟ ਟੂਰ” ਰਾਹੀਂ ਦੌਰੇ ‘ਤੇ ਆਏ ਸਨ। ਰੂਸੀ ਵਣਜ ਦੂਤਘਰ ਦੇ ਅਧਿਕਾਰੀ ਸਿੰਦਬਾਦ ਹੋਟਲ ਪਿਅਰ ਵਿੱਚ ਮੌਜੂਦ ਹਨ ਅਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।