ਵਾਸ਼ਿੰਗਟਨ, 13 ਅਕਤੂਬਰ : ਇਜ਼ਰਾਈਲ ਤੇ ਹਮਾਸ ਦੇ ਸੰਘਰਸ਼ ਦਰਮਿਆਨ 27 ਅਮਰੀਕੀ ਨਾਗਰਿਕਾਂ ਦੀ ਮੌਤ ਹੋ ਗਈ ਹੈ ਜਦਕਿ 14 ਲਾਪਤਾ ਹਨ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਇਜ਼ਰਾਈਲ ’ਚੋਂ ਕੱਢਣ ਲਈ ਚਾਰਟਰ ਜਹਾਜ਼ ਭੇਜੇਗਾ। ਹਿੰਸਾ ਨਾਲ ਪ੍ਰਭਾਵਿਤ ਇਲਾਕੇ ’ਚੋਂ ਆਪਣੇ ਨਾਗਰਿਕਾਂ ਨੂੰ ਸਭ ਤੋਂ ਪਹਿਲਾਂ ਕੱਢਣ ਦੀ ਪਹਿਲ ਕਰਨ ਵਾਲਿਆਂ ’ਚ ਭਾਰਤ ਸ਼ਾਮਲ ਹੈ। ਵ੍ਹਾਈਟ ਹਾਊਸ ਨਾਲ ਜੁੜੇ ਜੌਨ ਕਿਰਬੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਟੀਮ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਅਮਰੀਕੀ ਨਾਗਰਿਕਾਂ ਦੀ ਮਦਦ ਕਰੇ ਜਿਹੜੇ ਇਜ਼ਰਾਈਲ ਛੱਡਣਾ ਚਾਹੁੰਦੇ ਹਨ। ਅਮਰੀਕੀ ਸਰਕਾਰ ਇਜ਼ਰਾਈਲ ਤੋਂ ਯੂਰਪ ਦੇ ਇਲਾਕਿਆਂ ਤੱਕ ਚਾਰਟਰ ਉਡਾਣਾਂ ਦੀ ਵਿਵਸਥਾ ਕਰੇਗੀ। ਉਹ ਨਾਗਰਿਕਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਮਦਦ ਲਈ ਇਸ ਬਾਰੇ ਮੌਜੂਦ ਜਾਣਕਾਰੀ ’ਤੇ ਕੰਮ ਕਰ ਰਹੇ ਹਨ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਇਹ ਵੀ ਜਾਣਕਾਰੀ ਲਈ ਜਾ ਰਹੀ ਹੈ ਕਿ ਕੀ ਅਮਰੀਕੀਆਂ ਨੂੰ ਜ਼ਮੀਨ ਤੇ ਸਮੁੰਦਰ ਦੇ ਰਸਤੇ ਨਿਕਲਣ ’ਚ ਮਦਦ ਕੀਤੀ ਜਾ ਸਕਦੀ ਹੈ। ਸੀਐੱਨਐੱਨ ਦੀ ਰਿਪੋਰਟ ਮੁਤਾਬਕ, ਯੂਨਾਈਟਿਡ, ਅਮਰੀਕੀ ਤੇ ਡੈਲਟਾ ਏਅਰਲਾਈਨਜ਼ ਨੇ ਤਲ ਅਵੀਵ ’ਚ ਬੇਨ ਗੁਰੀਅਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਵਾਜਾਈ ਬੰਦ ਕਰ ਦਿੱਤੀ ਹੈ। ਇਹ ਇਜ਼ਰਾਈਲ ਦਾ ਇੱਕੋ-ਇਕ ਅੰਤਰਰਾਸ਼ਟਰੀ ਹਵਾਈ ਅੱਡਾ ਹੈ। ਪ੍ਰਸ਼ਾਸਨ ਨੇ ਵੀਰਵਾਰ ਨੂੰ ਕਿਹਾ ਕਿ ਇਕ ਵਾਰੀ ਜਦੋਂ ਯਾਤਰੀ ਇਜ਼ਰਾਈਲ, ਤੁਰਕੀ ਤੇ ਹੋਰ ਖੇਤਰੀ ਏਅਰਲਾਈਨਾਂ ਰਾਹੀਂ ਯੂਰਪ ਪਹੁੰਚ ਜਾਣਗੇ ਤਾਂ ਉਨ੍ਹਾਂ ਨੂੰ ਉੱਥੋਂ ਘਰ ਲਿਆਂਦਾ ਜਾਵੇਗਾ।