ਸਾਊਦੀ ਅਰਬ : ਸਾਊਦੀ ਅਰਬ ‘ਚ ਪਿਛਲੇ 10 ਦਿਨਾਂ ‘ਚ 12 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਦੇਣ ਦਾ ਤਰੀਕਾ ਵੀ ਬਹੁਤ ਜ਼ਾਲਮ ਹੈ, ਜਿਸ ਨੂੰ ਲੈ ਕੇ ਦੁਨੀਆ ਭਰ ਦੇ ਮਨੁੱਖੀ ਅਧਿਕਾਰ ਸੰਗਠਨ ਚਿੰਤਾ ਪ੍ਰਗਟ ਕਰ ਚੁੱਕੇ ਹਨ। ਇਨ੍ਹਾਂ ਲੋਕਾਂ ਦਾ ਤਲਵਾਰ ਨਾਲ ਸਿਰ ਕਲਮ ਕਰਕੇ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ‘ਚੋਂ ਕਈ ਲੋਕ ਬਲਾਤਕਾਰ, ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਮਾਮਲਿਆਂ ‘ਚ ਦੋਸ਼ੀ ਠਹਿਰਾਏ ਗਏ ਸਨ। ਸਿਰ ਕਲਮ ਕਰਕੇ ਮੌਤ ਦੀ ਸਜ਼ਾ ਸੁਣਾਏ ਗਏ ਤਿੰਨ ਪਾਕਿਸਤਾਨੀ ਹਨ। ਇਸ ਤੋਂ ਇਲਾਵਾ 4 ਸੀਰੀਆਈ, ਦੋ ਜਾਰਡਨ ਅਤੇ ਤਿੰਨ ਲੋਕ ਸਾਊਦੀ ਮੂਲ ਦੇ ਹਨ। ਇਸ ਸਾਲ ਹੁਣ ਤੱਕ ਸਾਊਦੀ ਅਰਬ ਵਿੱਚ 132 ਲੋਕਾਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਹ ਅੰਕੜਾ 2020 ਅਤੇ 2021 ਦੋਵਾਂ ਦੇ ਮਿਲਾ ਕੇ ਵੀ ਵੱਧ ਹੈ। ਸੰਯੁਕਤ ਰਾਸ਼ਟਰ ਸਣੇ ਕਈ ਸੰਗਠਨਾਂ ਨੇ ਅਰਬ ਦੇਸ਼ ‘ਚ ਵਹਿਸ਼ੀਆਨਾ ਸਜ਼ਾਵਾਂ ਦੀ ਵਾਪਸੀ ‘ਤੇ ਚਿੰਤਾ ਪ੍ਰਗਟਾਈ ਹੈ। ਹਾਲ ਹੀ ਵਿੱਚ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਮੌਤ ਦੀ ਸਜ਼ਾ ਨੂੰ ਘਟਾਉਣ ਦਾ ਵਾਅਦਾ ਕੀਤਾ ਸੀ, ਉਸ ਤੋਂ ਬਾਅਦ ਵੀ ਉਨ੍ਹਾਂ ਦਾ ਜਾਰੀ ਰਹਿਣਾ ਚਿੰਤਾਵਾਂ ਨੂੰ ਵਧਾਉਣ ਵਾਲਾ ਹੈ। 2018 ਵਿੱਚ ਵੀ ਮੁਹੰਮਦ ਬਿਨ ਸਲਮਾਨ ਨੇ ਕਿਹਾ ਸੀ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਘੱਟ ਤੋਂ ਘੱਟ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕਤਲ ਵਰਗੇ ਮਾਮਲਿਆਂ ਵਿੱਚ ਹੀ ਮੌਤ ਦੀ ਸਜ਼ਾ ਦੀ ਵਿਵਸਥਾ ਰੱਖੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ ਮਹੀਨੇ ‘ਚ ਹੀ ਸਾਊਦੀ ਅਰਬ ‘ਚ 81 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇੰਨੇ ਸਾਲਾਂ ਵਿੱਚ ਪਹਿਲੀ ਵਾਰ ਇੱਕ ਮਹੀਨੇ ਵਿੱਚ ਇੰਨੇ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸਾਊਦੀ ਅਰਬ ਦੀ ਅਪਰਾਧਿਕ ਨਿਆਂ ਪ੍ਰਣਾਲੀ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਵਿਸ਼ੇਸ਼ ਤੌਰ ‘ਤੇ ਸ਼ੀਆ ਭਾਈਚਾਰੇ ਦੇ ਲੋਕ ਨਿਆਂ ਪ੍ਰਣਾਲੀ ‘ਤੇ ਪੱਖਪਾਤ ਦੇ ਦੋਸ਼ ਲਗਾਉਂਦੇ ਰਹੇ ਹਨ। ਮਾਰਚ ਵਿੱਚ ਮੌਤ ਦੀ ਸਜ਼ਾ ਸੁਣਾਏ ਗਏ 81 ਲੋਕਾਂ ਵਿੱਚੋਂ 41 ਸ਼ੀਆ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਸਨ। ਸਵਾਲ ਉਠਾਇਆ ਗਿਆ ਕਿ ਘੱਟ ਗਿਣਤੀਆਂ ਨੂੰ ਇੰਨੇ ਵੱਡੇ ਪੱਧਰ ‘ਤੇ ਸਜ਼ਾ ਕਿਉਂ ਦਿੱਤੀ ਗਈ। ਇੰਨਾ ਹੀ ਨਹੀਂ ਇੱਥੇ ਵੱਡੀ ਗਿਣਤੀ ਸ਼ੀਆ ਭਾਈਚਾਰੇ ਦੇ ਲੋਕ ਵੀ ਹਨ, ਜੋ ਜੇਲ੍ਹਾਂ ਵਿੱਚ ਬੰਦ ਹਨ ਅਤੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਸਾਊਦੀ ਅਰਬ ਵਿਚ ਅਜਿਹੇ ਕਈ ਅਪਰਾਧਾਂ ਲਈ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ, ਜਿਨ੍ਹਾਂ ਵਿਚ ਭਾਰਤ ਵਿਚ ਮਾਮੂਲੀ ਸਜ਼ਾ ਹੀ ਦਿੱਤੀ ਜਾਂਦੀ ਹੈ, ਜਿਵੇਂ ਕਿ ਕੁਝ ਮਹੀਨਿਆਂ ਦੀ ਕੈਦ ਜਾਂ ਜੁਰਮਾਨਾ। ਇੰਨਾ ਹੀ ਨਹੀਂ ਸਾਊਦੀ ਅਰਬ ‘ਚ ਸਮਲਿੰਗੀ ਸਬੰਧ ਬਣਾਉਣ ‘ਤੇ ਵੀ ਮੌਤ ਦੀ ਸਜ਼ਾ ਵਰਗੀ ਵਿਵਸਥਾ ਹੈ, ਜਦਕਿ ਭਾਰਤ ਸਣੇ ਕਈ ਦੇਸ਼ਾਂ ‘ਚ ਹੁਣ ਸਮਲਿੰਗੀ ਸਬੰਧਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਗਿਆ ਹੈ।