ਜਲੰਧਰ : ਲੋਕ ਮੰਚ ਪੰਜਾਬ ਹਰ ਸਾਲ ਇਕ ਲੱਖ ਰੁਪਏ ਦਾ ਨੰਦ ਲਾਲ ਨੂਰਪੁਰੀ ਪੁਰਸਕਾਰ ਦਿੱਤਾ ਜਾਇਆ ਕਰੇਗਾ, ਤਾਂ ਜੋ ਉਸ ਮਹਾਨ ਗੀਤਕਾਰ ਦੀ ਮਿੱਠੀ ਯਾਦ ਨੂੰ ਤਾਜਾ ਰੱਖਿਆ ਜਾ ਸਕੇ। । ਇਹ ਐਲਾਨ ਕਰਦਿਆਂ ਅੱਜ ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ ਲਖਵਿੰਦਰ ਸਿੰਘ ਜੌਹਲ ਅਤੇ ਪ੍ਰਧਾਨ ਸੁਰਿੰਦਰ ਸਿੰਘ ਸੁੱਨੜ ਨੇ ਦੱਸਿਆ ਕਿ ਸਾਲ 2022 ਦਾ ਪੁਰਸਕਾਰ ਉਘੇ ਪੰਜਾਬੀ ਕਵੀ ਤੇ ਗੀਤਕਾਰ ਗੁਰਭਜਨ ਗਿੱਲ ਨੂੰ ਦਿੱਤਾ ਜਾਵੇਗਾ। ਇਕ ਸਾਂਝੇ ਬਿਆਨ ਵਿੱਚ ਉਹਨਾਂ ਕਿਹਾ ਕਿ ਇਹ ਪੁਰਸਕਾਰ ਸਾਫ ਸੁਥਰੀ ਗੀਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਹੈ ਅਤੇ ਹਰ ਸਾਲ ਇਹ ਪੁਰਸਕਾਰ ਮੁੱਖ ਰੂਪ ਵਿੱਚ ਇਕ ਗੀਤਕਾਰ/ਕਵੀ ਨੂੰ ਪ੍ਰਦਾਨ ਕੀਤਾ ਜਾਇਆ ਕਰੇਗਾ। ਸੁਰਿੰਦਰ ਸਿੰਘ ਸੁੱਨੜ ਨੇ ਕਿਹਾ ਕਿ ਨੰਦ ਲਾਲ ਨੂਰਪੁਰੀ ਸਾਡੇ ਮਾਣਯੋਗ ਗੀਤਕਾਰ ਸਨ ਅਤੇ ਉਨ੍ਹਾਂ ਦੀ ਯਾਦ ਨੂੰ ਨੂੰ ਚੇਤਿਆਂ ਵਿੱਚ ਰੱਖਣਾ ਅਤੇ ਉਨ੍ਹਾਂ ਦੀਆਂ ਲਿਖਤਾਂ ਤੋਂ ਪ੍ਰੇਰਨਾ ਲੈਣਾ ਸਾਡਾ ਫਰਜ਼ ਹੈ। ਡਾ ਜੌਹਲ ਨੇ ਆਖਿਆ ਗੁਰਭਜਨ ਗਿੱਲ ਇਕ ਸਮਰੱਥ ਸ਼ਾਇਰ ਦੇ ਨਾਲ ਨਾਲ ਮੰਨੇ ਹੋਏ ਗੀਤਕਾਰ ਵੀ ਹਨ ਤੇ ਉਨਾਂ ਦੇ ਲਿਖੇ ਗੀਤ ਕਈ ਨਾਮੀਂ ਗਾਇਕਾਂ ਤੇ ਗਾਇਕਾਵਾਂ ਜਿਵੇ ਅਮਰਜੀਤ ਗੁਰਦਾਸਪੁਰੀ, ਹੰਸ ਰਾਜ ਹੰਸ, ਹਰਭਜਨ ਮਾਨ,ਜਸਵੀਰ ਜੱਸੀ ਤੇ ਜਗਮੋਹਨ ਕੌਰ ਨੇ ਵੀ ਰਿਕਾਰਡ ਕਰਵਾਏ। ਪ੍ਰੋ ਗਿੱਲ ਨੂੰ ਮਿਲਣ ਵਾਲੇ ਇਸ ਪੁਰਸਕਾਰ ਦੇ ਐਲਾਨ ਉਤੇ ਸਾਹਿਤ ਜਗਤ ਦੀਆਂ ਉਘੀਆਂ ਹਸਤੀਆਂ ਨੇ ਵਧਾਈਆਂ ਦਿੱਤੀਆਂ ਹਨ।