ਗੜ੍ਹਸ਼ੰਕਰ : ਰਾਸ਼ਟਰੀ ਖੁਰਾਕ ਸੁਰੱਖਿਆ ਐਕਟ-2013 ਨੂੰ ਜ਼ਿਲ੍ਹੇ ਅੰਦਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਵਾਉਣ ਲਈ ਪੰਜਾਬ ਫੂਡ ਕਮਿਸ਼ਨ ਦੀ ਮੈਂਬਰ ਸ਼੍ਰੀਮਤੀ ਪ੍ਰੀਤੀ ਚਾਵਲਾ ਨੇ ਹੁਸ਼ਿਆਰਪੁਰ ਦੇ ਬਲਾਕ ਗੜ੍ਹਸ਼ੰਕਰ ਤਹਿਤ ਧਮਾਈ, ਬਗਵਾਈ, ਮਹਿਤਾਬਪੁਰ, ਬੋੜਾ ਦੇ ਸਰਕਾਰੀ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ਦਾ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਅਚਨਚੇਤ ਨਿਰੀਖਣ ਦੌਰਾਨ ਸਰਕਾਰੀ ਸਕੂਲਾਂ ਵਿਚ ਮਿਡ-ਡੇ-ਮੀਲ ਸਕੀਮ ਤਹਿਤ ਸਕੂਲਾਂ ਦੇ ਲਾਭਪਾਤਰੀਆਂ ਦਾ ਬਿਓਰਾ, ਮਿਡ-ਡੇ-ਮੀਲ ਦੇ ਸਟੋਰਾਂ, ਖਾਣਾ ਬਣਾਉਣ ਵਾਲੀਆਂ ਥਾਵਾਂ ਅਤੇ ਬਣਾਏ ਹੋਏ ਖਾਣੇ ਦੀ ਚੈਕਿੰਗ ਕੀਤੀ। ਪੰਜਾਬ ਫੂਡ ਕਮਿਸ਼ਨ ਦੀ ਮੈਂਬਰ ਨੇ ਆਂਗਣਵਾੜੀ ਸੈਂਟਰਾਂ ਵਿਚ ਲਾਭਾਤਰੀਆਂ ਦੀ ਗਿਣਤੀ, ਸਪਲਾਈ ਕੀਤੇ ਜਾ ਰਹੇ ਰਾਸ਼ਨ, ਬੱਚਿਆਂ ਦੀ ਸਿਹਤ ਜਾਂਚ ਬਾਰੇ ਵਿਸਥਾਰ ਨਾਲ ਸਮੀਖਿਆ ਕੀਤੀ ਅਤੇ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਦੇ ਹਾਜ਼ਰ ਲਾਭਪਾਤਰੀਆਂ ਤੋਂ ਪ੍ਰਾਪਤ ਲਾਭ ਦੀ ਜਾਣਕਾਰੀ ਵੀ ਹਾਸਲ ਕੀਤੀ। ਉਨ੍ਹਾਂ ਹਾਜ਼ਰ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ-2013 ਤਹਿਤ ਨਿਯਮਾਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦੀ ਹਦਾਇਤ ਦਿੰਦੇ ਹੋਏ ਕਿਹਾ ਕਿ ਐਕਟ ਤਹਿਤ ਯੋਗ ਲਾਭਪਾਰਤੀਆਂ ਨੂੰ ਸਾਫ-ਸੁਥਰਾ ਤੇ ਪੌਸ਼ਟਿਕ ਭੋਜਨ ਪ੍ਰਦਾਨ ਕੀਤਾ ਜਾਵੇ ਅਤੇ ਸਮੇਂ-ਸਮੇਂ ’ਤੇ ਲਾਭਪਾਤਰੀਆਂ ਨਾਲ ਮੀਟਿੰਗ ਕਰਕੇ ਖਾਣੇ ਦੀ ਗੁਣਵੱਤਾ ਸਬੰਧੀ ਉਨ੍ਹਾਂ ਤੋਂ ਖਾਣੇ ਨੂੰ ਬਿਹਤਰ ਬਣਾਉਣ ਲਈ ਸੁਝਾਅ ਲਏ ਜਾਣ। ਸ਼੍ਰੀਮਤੀ ਪ੍ਰੀਤੀ ਚਾਵਲਾ ਨੇ ਸਰਕਾਰੀ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ਵਿਚ ਬੁਨਿਆਦੀ ਢਾਂਚੇ ਵਿਚ ਪਾਈਆਂ ਗਈਆਂ ਕਮੀਆਂ ਨੂੰ ਤੁਰੰਤ ਦਰੁਸਤ ਕਰਨ ਅਤੇ ਆਮ ਜਨਤਾ ਵਿਚ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ-2013 ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਹਦਾਇਤ ਕੀਤੀ, ਤਾਂ ਜੋ ਐਕਟ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ। ਇਸ ਮੌਕੇ ਸੀ.ਡੀ.ਪੀ.ਓ. ਗੜ੍ਹਸ਼ੰਕਰ ਪੂਰਨ ਪੰਕਜ਼ ਸ਼ਰਮਾ, ਬੀ.ਪੀ.ਈ.ਓ. ਰਾਜ ਕੁਮਾਰ, ਸਹਾਇਕ ਬਲਾਕ ਪ੍ਰਾਇਮਰੀ ਅਧਿਕਾਰੀ ਗੁਰਦੇਵ ਸਿੰਘ ਢਿੱਲੋਂ, ਵਿਜੇ ਕੁਮਾਰ, ਏ.ਬੀ.ਐਮ. ਵਿਜੇ ਕੁਮਾਰ, ਸੁਪਰਵਾਈਜ਼ਰ ਪਰਮਜੀਤ ਕੌਰ, ਬੇਬੀ ਰਾਣੀ ਅਤੇ ਜਸਪ੍ਰੀਤ ਕੌਰ ਵੀ ਮੌਜੂਦ ਸਨ।