ਜਲੰਧਰ ਡੀਸੀ ਨੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਇਮੀਗ੍ਰੇਸ਼ਨ, ਆਈਲੈਟਸ ਸੈਂਟਰਾਂ ਦੇ ਕੀਤੇ ਲਾਇਸੈਂਸ ਮੁਅਤੱਲ

ਜਲੰਧਰ, 06 ਜਨਵਰੀ : ਜਲੰਧਰ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਪੰਜਾਬ ਟਰੈਵਲਜ਼ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ 2014 ਤਹਿਤ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਇੰਮੀਗ੍ਰੇਸ਼ਨ, ਸਲਾਹਕਾਰਾਂ, ਆਈਲੈਟਸ ਸੈਂਟਰਾਂ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ ਲਾਇਸੈਂਸ ਮੁਅਤੱਲ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਡੀਸੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਐਕਟ ਤਹਿਤ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ 1320 ਇੰਮੀਗ੍ਰੇਸ਼ਨ-ਸਲਾਹਕਾਰਾਂ/ਟਿਕਟਿੰਗ ਏਜੰਟਾਂ, ਆਈਲੈਟਸ ਸੈਂਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ, ਜਿੰਨ੍ਹਾਂ ਵਿੱਚੋਂ 495 ਨੇ ਕੋਈ ਵੀ ਜਵਾਬ ਨਹੀਂ ਦਿੱਤਾ, ਜਿਸ ਕਰਕੇ ਉਨ੍ਹਾਂ ਦੇ ਲਾਇਸੈਂਸ ਮੁਅਤੱਲ ਕਰ ਦਿੱਤੇ ਗਏ ਹਨ, ਜਿੰਨ੍ਹਾਂ ’ਚ ਇੰਮੀਗ੍ਰੇਸ਼ਨ ਸਲਾਹਕਾਰ ਅਤੇ ਆਈਲੈਟਸ ਸੈਂਟਰ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਨੇ ਸਾਰੇ ਲਾਇਸੈਂਸ ਧਾਰਕਾਂ, ਸਲਾਹਕਾਰਾਂ, ਆਈਲੈਟਸ ਸੈਂਟਰਾਂ ਨੂੰ ਐਕਟ ਅਧੀਨ ਨਿਰਧਾਰਤ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਐਕਟ ਨਿਰਥਾਰਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸਿਆ ਨਹੀਂ ਜਾਵੇਗਾ।