ਸੰਯੁਕਤ ਕਿਸਾਨ ਮੋਰਚੇ ਨੇ ਕੀਤੇ ਸਾਰੇ ਜ਼ਿਲ੍ਹਿਆਂ ਵਿੱਚ 'ਜੰਗਬਾਜ਼ ਤਾਕਤਾਂ ਵਿਰੋਧੀ ਅਮਨ ਮਾਰਚ'

  • ਪਹਿਲਗਾਮ ਘਟਨਾ ਦੀ ਨਿਰਪੱਖ ਜਾਂਚ ਰਾਹੀਂ ਅਸਲੀ ਦੋਸ਼ੀਆਂ ਦਾ ਪਤਾ ਲਾ ਕੇ ਸਜ਼ਾਵਾਂ ਦੇਣ ਦੀ ਕੀਤੀ ਮੰਗ 
  • ਦੂਜੇ ਦੇਸ਼ਾਂ ਨਾਲ ਜੰਗ ਨਹੀਂ, ਗੱਲਬਾਤ ਰਾਹੀਂ ਮਸਲੇ ਹੱਲ ਕਰੋ।
  • ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਵਾਲੀ ਪ੍ਰੈਸ ਅਤੇ ਚੈਨਲਾਂ ਤੇ ਲਾਈ ਪਾਬੰਦੀ ਰੱਦ ਕਰੋ।
  • ਲੋਕਾਂ ਦੇ ਜਮਹੂਰੀ ਹੱਕ ਬਹਾਲ ਕਰਕੇ ਰੋਜੀ ਰੋਟੀ ਦੇ ਮਸਲੇ ਹੱਲ ਕਰੋ।

ਚੰਡੀਗੜ੍ਹ 14 ਮਈ :(ਭੁਪਿੰਦਰ ਸਿੰਘ ਧਨੇਰ) : ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਅੱਜ ਸਾਰੇ ਜ਼ਿਲ੍ਹਾ ਹੈਡ ਕੁਆਰਟਰਾਂ ਤੇ 'ਜੰਗਬਾਜ਼ ਤਾਕਤਾਂ ਵਿਰੋਧੀ ਅਮਨ ਮਾਰਚ' ਕੀਤੇ ਗਏ। ਵੱਖ ਵੱਖ ਥਾਵਾਂ ਤੇ ਇਕੱਠਾਂ ਨੂੰ ਸੰਬੋਧਨ ਕਰਦਿਆਂ ‌ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪਹਿਲਗਮ ਘਟਨਾਂ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹੈ। ਇਸ ਘਟਨਾ ਦੇ ਅਸਲੀ ਦੋਸ਼ੀਆਂ ਦਾ ਪਤਾ ਲਾਉਣ ਲਈ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ 26 ਸੈਲਾਨੀਆਂ ਦੀ ਮੌਤ ਦਾ ਕਾਰਨ ਬਣੀ ਸੁਰੱਖਿਆ ਪ੍ਰਬੰਧਾਂ ਵਿੱਚ ਅਣਗਹਿਲੀ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਪਹਿਲਗਾਮ ਘਟਨਾ ਦੇ ਬਹਾਨੇ ਨਾਲ ਲਗਾਈ ਗਈ ਇਸ ਜੰਗ ਦੇ ਪਿੱਛੇ ਅਸਲ ਵਿੱਚ ਵੱਡੇ ਮਨਸੂਬੇ ਕੰਮ ਕਰਦੇ ਹਨ। ਆਉਣ ਵਾਲੇ ਦਿਨਾਂ ਵਿੱਚ ਅਮਰੀਕਾ ਅਤੇ ਹੋਰ ਦੇਸ਼ਾਂ ਨਾਲ ਕੀਤੇ ਜਾਣ ਵਾਲੇ ਟੈਕਸ ਮੁਕਤ ਵਪਾਰ ਸਮਝੌਤਿਆਂ ਦਾ ਰਾਹ ਪੱਧਰਾ ਕਰਨ ਲਈ ਰਾਸ਼ਟਰਵਾਦੀ ਅਤੇ ਫਿਰਕੂ ਜਨੂੰਨ ਭੜਕਾਇਆ ਗਿਆ ਹੈ। ਇਸ ਤੱਥ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿਆਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਦੋਵੇਂ ਦੇਸ਼ਾਂ ਦੇ ਹੁਕਮਰਾਨ ਅਜ਼ਾਦਾਨਾ ਢੰਗ ਨਾਲ ਫੈਸਲਾ ਕਰਨ ਦੀ ਥਾਂ ਅਮਰੀਕੀ ਸਾਮਰਾਜ ਦੇ ਸੇਵਕ ਬਣੇ ਹੋਏ ਹਨ ਅਤੇ ਉਸਦੇ ਹਿੱਤਾਂ ਅਨੁਸਾਰ  ਕਾਰਵਾਈਆਂ ਕਰ ਰਹੇ ਹਨ। ਹਾਲੇ ਪਿਛਲੇ ਦਿਨੀਂ ਹੀ ਇੰਗਲੈਂਡ ਨਾਲ 64,000/-ਕਰੋੜ ਦਾ ਹਥਿਆਰਾਂ ਦਾ ਸੌਦਾ ਕੀਤਾ ਗਿਆ ਹੈ। ਇੱਕ ਪਾਸੇ 80 ਕਰੋੜ ਲੋਕਾਂ ਨੂੰ ਆਪਣੇ ਜਿਉਣ ਵਾਸਤੇ ਜਨਤਕ ਵੰਡ ਪ੍ਰਣਾਲੀ ਵਾਲੇ ਰਾਸ਼ਣ ਨਾਲ ਗੁਜ਼ਾਰਾ ਕਰਨਾ ਪੈਂਦਾ ਹੈ ਦੂਜੇ ਪਾਸੇ ਹਥਿਆਰਾਂ ਤੇ ਮਣਾਂ ਮੂੰਹੀਂ ਖਰਚੇ ਕੀਤੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਜੰਗ ਵਿੱਚ ਭਾਵੇਂ ਕੋਈ ਵੀ ਜਿੱਤੇ ਪਰ ਆਮ ਲੋਕ ਹਮੇਸ਼ਾ ਹੀ ਹਾਰਦੇ ਹਨ। ਇਹਨਾਂ ਜੰਗਾਂ ਵਿੱਚ ਦੋਵੇਂ ਪਾਸੇ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਕਿਰਤੀ ਲੋਕਾਂ ਦੇ ਧੀਆਂ ਪੁੱਤ ਹੀ ਮਰਦੇ ਹਨ। ਲੋਕਾਂ ਦੇ ਰੋਜ਼ੀ ਰੋਟੀ ਅਤੇ ਰੁਜ਼ਗਾਰ ਦੇ ਮਸਲੇ ਜੰਗੀ ਜਨੂੰਨ ਹੇਠਾਂ ਦੱਬ ਦਿੱਤੇ ਜਾਂਦੇ ਹਨ। ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਕਿ ਸਥਾਈ ਅਮਨ ਲਈ ਦੋਵੇਂ ਦੇਸ਼ ਇਸ ਤਰ੍ਹਾਂ ਦੇ ਮਸਲਿਆਂ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕਰਨ, ਸਰਹੱਦੀ ਵਪਾਰ ਖੋਲ੍ਹਿਆ ਜਾਵੇ, ਸ਼ਿਮਲਾ ਸਮਝੌਤਾ ਅਤੇ ਸਿੰਧੂ ਜਲ ਸੰਧੀ ਬਹਾਲ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਸ਼ਾਵਨਵਾਦੀ ਪ੍ਰਚਾਰ ਪ੍ਰਾਪੇਗੰਡੇ ਦੇ ਉਲਟ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਵਾਲੇ 'ਦੀ ਵਾਇਰ' ਅਤੇ 'ਫ਼ੋਰ ਪੀਐਮ' ਸਮੇਤ ਪ੍ਰੈਸ ਅਤੇ ਸੋਸ਼ਲ ਮੀਡੀਆ ਦੀ ਜ਼ੁਬਾਨਬੰਦੀ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਊਂਟ ਬੰਦ ਕਰਵਾਏ ਗਏ। ਦੂਜੇ ਪਾਸੇ ਸਰਕਾਰ ਨੇ ਗੋਦੀ ਮੀਡੀਆ ਨੂੰ ਝੂਠ ਫੈਲਾਉਣ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ । ਇਸ ਝੂਠ ਨੂੰ ਫੈਲਾਉਣ ਲਈ ਸਰਕਾਰ ਦੇ ਮੰਤਰੀ ਵੀ ਪਿੱਛੇ ਨਹੀਂ ਰਹੇ। ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਕਿ ਜਿਹੜੇ ਚੈਨਲਾਂ ਤੇ ਪਾਬੰਦੀ ਲਗਾਈ ਗਈ ਹੈ ਉਨਾਂ ਦਾ ਬੋਲਣ ਦਾ ਜਮਹੂਰੀ ਹੱਕ ਬਹਾਲ ਕੀਤਾ ਜਾਵੇ ਅਤੇ ਝੂਠ ਫੈਲਾਉਣ ਵਾਲੇ ਚੈਨਲਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਜੰਗ  ਕਾਰਨ ਜਿਹੜੇ ਲੋਕਾਂ ਦਾ ਜਾਨ ਮਾਲ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਯੋਗ ਮੁਆਵਜਾ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਜੰਗ ਤੋਂ ਪਹਿਲਾਂ ਰਾਸ਼ਟਰਵਾਦੀ ਜਨੂੰਨ ਭੜਕਾਉਣ ਲਈ ਪਹਿਲਗਾਮ ਵਿਖੇ ਕਤਲ ਕੀਤੇ ਗਏ ਲੈਫਟੀਨੈਂਟ ਨਰਵਾਲ ਦੀ ਪਤਨੀ ਨੂੰ ਵੀ ਨਹੀਂ ਬਖਸ਼ਿਆ ਗਿਆ। ਉਸ ਨੂੰ ਬੇਸ਼ਰਮੀ ਨਾਲ ਟਰੋਲ ਕੀਤਾ ਗਿਆ ਅਤੇ ਭਾਜਪਾ ਦੇ ਕਿਸੇ ਵੀ ਜ਼ਿੰਮੇਵਾਰ ਆਗੂ ਵੱਲੋਂ ਇਸ ਟਰੋਲਿੰਗ ਦਾ ਵਿਰੋਧ ਨਹੀਂ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਤੇ ਹਮਲਾ ਕਰਕੇ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਕਿ ਅਜਿਹੇ ਲੋਕਾਂ ਦੇ ਖਿਲਾਫ ਬਣਦੀ ਕਾਰਵਾਈ ਕਰਕੇ ਦੇਸ਼ ਅੰਦਰ ਫਿਰਕੂ ਜਨੂੰਨ ਭੜਕਾਉਣਾ ਬੰਦ ਕੀਤਾ ਜਾਵੇ ਅਤੇ ਲੋਕਾਂ ਦੇ ਜਮਹੂਰੀ ਹੱਕ ਬਹਾਲ ਕੀਤੇ ਜਾਣ। ਵੱਖ-ਵੱਖ ਥਾਵਾਂ ਤੇ ਇਨ੍ਹਾਂ ਇਕੱਠਾ ਨੂੰ ਜੋਗਿੰਦਰ ਸਿੰਘ ਉਗਰਾਹਾਂ, ਬਲਵੀਰ ਸਿੰਘ ਰਾਜੇਵਾਲ, ਨਿਰਭੈ ਸਿੰਘ ਢੁੱਡੀਕੇ, ਡਾਕਟਰ ਦਰਸ਼ਨ ਪਾਲ, ਮਨਜੀਤ ਸਿੰਘ ਧਨੇਰ, ਬੂਟਾ ਸਿੰਘ ਬੁਰਜ ਗਿੱਲ, ਡਾਕਟਰ ਸਤਨਾਮ ਸਿੰਘ ਅਜਨਾਲਾ, ਹਰਿੰਦਰ ਸਿੰਘ ਲੱਖੋਵਾਲ, ਬਲਦੇਵ ਸਿੰਘ ਨਿਹਾਲਗੜ੍ਹ, ਬਿੰਦਰ ਸਿੰਘ ਗੋਲੇਵਾਲਾ, ਪ੍ਰੇਮ ਸਿੰਘ ਭੰਗੂ, ਰੁਲਦੂ ਸਿੰਘ ਮਾਨਸਾ, ਬੋਘ ਸਿੰਘ ਮਾਨਸਾ, ਹਰਮੀਤ ਸਿੰਘ ਕਾਦੀਆਂ, ਹਰਬੰਸ ਸਿੰਘ ਸੰਘਾ, ਹਰਜਿੰਦਰ ਸਿੰਘ ਟਾਂਡਾ, ਸੁਖਦੇਵ ਸਿੰਘ ਅਰਾਈਆਂ ਵਾਲਾ, ਵੀਰ ਸਿੰਘ ਬੜਵਾ, ਜੰਗਵੀਰ ਸਿੰਘ ਚੌਹਾਨ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਮੇਜਰ ਸਿੰਘ ਪੁੰਨਾਂਵਾਲ, ਕਿਰਨਜੀਤ ਸਿੰਘ ਸੇਖੋਂ, ਰੂਪ ਬਸੰਤ ਸਿੰਘ, ਮਲੂਕ ਸਿੰਘ ਹੀਰ ਕੇ, ਬੂਟਾ ਸਿੰਘ ਸ਼ਾਦੀਪੁਰ, ਫਰਮਾਨ ਸਿੰਘ ਸੰਧੂ, ਨਛੱਤਰ ਸਿੰਘ ਜੈਤੋ, ਹਰਦੇਵ ਸਿੰਘ ਸੰਧੂ, ਕੁਲਦੀਪ ਸਿੰਘ ਵਜੀਦਪੁਰ, ਕੰਵਲਪ੍ਰੀਤ ਸਿੰਘ ਪੰਨੂ, ਬਲਵਿੰਦਰ ਸਿੰਘ ਰਾਜੂ ਔਲਖ ਅਤੇ ਨਿਰਵੈਲ ਸਿੰਘ ਡਾਲੇ ਕੇ ਨੇ ਸੰਬੋਧਨ ਕੀਤਾ।